ਮਿਲਕਫੈਡ ਪੰਜਾਬ ਆਪਣੇ ਖਪਤਕਾਰਾਂ ਨੂੰ ਉੱਚ ਗੁਣਵੱਤਾ ਦਾ ਦੁੱਧ ਅਤੇ ਦੁੱਧ ਉਤਪਾਦ ਮੁਹਈਆ ਕਰਵਾਉਣ ਲਈ ਹਮੇਸ਼ਾ ਵਚਨਬੱਧ ਰਿਹਾ ਹੈ। ਮਿਲਕਫੈਡ ਪੰਜਾਬ ਜੋ ਆਪਣੇ ਵੇਰਕਾ ਉਤਪਾਦਾਂ ਕਰਕੇ ਦੁਨੀਆਂ ਭਰ ਵਿਚ ਜਾਣਿਆ ਜਾਂਦਾ ਹੈ ਵਲੋਂ ਦੁੱਧ ਅਤੇ ਦੁੱਧ ਪਦਾਰਥਾਂ ਦੀ ਗੁਣਵੱਤਾ ਨੂੰ ਹੋਰ ਵਧਾਉਣ ਅਤੇ ਦੁੱਧ ਖਰੀਦ ਢਾਂਚੇ ਵਿਚ ਮਜ਼ਬੂਤੀਕਰਨ ਅਤੇ ਪਾਰਦਰਸ਼ਤਾ ਲਿਆਉਂਦੇ ਹੋਏ ਦੁੱਧ ਉਤਪਾਦਕਾਂ ਅਤੇ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਦੇ ਪ੍ਰਬੰਧਾਂ ਲਈ ਦੁੱਧ ਖਰੀਦ ਢਾਂਚੇ ਵਿਚ ਆਨਲਾਈਨ ਸਿਸਟਮ ਨੂੰ 1 ਅਗਸਤ 2024 ਤੋਂ ਹੋਰ ਮਜ਼ਬੂਤ ਕੀਤਾ ਗਿਆ ਹੈ।
ਜਿਸ ਵਿਚ ਸਭਾ ਪੱਧਰ ਤੇ ਦੁੱਧ ਪਾਉਣ ਵਾਲੇ ਦੁੱਧ ਉਤਪਾਦਕਾਂ ਦੀ ਫੈਟ, ਐਸ.ਐਨ.ਐਫ. ਅਤੇ ਦੁੱਧ ਦੀ ਮਾਤਰਾ ਸਵੈਚਾਲਕ ਮੋਡ ਤੇ ਦਰਜ਼ ਹੋਵੇਗੀ, ਅਤੇ ਇਸ ਨਾਲ ਪਸ਼ੂ ਪਾਲਕਾਂ ਦੇ ਦੁੱਧ ਦੀ ਫੈਟ ਅਤੇ ਐਸ.ਐਨ.ਐਫ (SNE) ਨਾਲ ਛੇੜ-ਛਾੜ ਬੰਦ ਹੋ ਜਾਵੇਗੀ ਅਤੇ ਪਸ਼ੂ ਪਾਲਕਾਂ ਨੂੰ ਉਹਨਾਂ ਦੇ ਦੁੱਧ ਦੀ ਗੁਣਵਤਾ ਅਨੁਸਾਰ ਵਾਜਿਬ ਮੁੱਲ ਮਿਲ ਸਕੇਗਾ। ਇਸ ਤੋਂ ਇਲਾਵਾ ਸਭਾਵਾਂ ਨੂੰ ਕੀਤੇ ਜਾਣ ਵਾਲੇ ਭੁਗਤਾਨ ਵਿਚ ਵੀ ਤੇਜ਼ੀ ਆਵੇਗੀ। ਇਸ ਮੌਕੇ ਮਿਲਕਫੈਡ, ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਕਮਲ ਕੁਮਾਰ ਗਰਗ ਨੇ ਦੱਸਿਆ ਕਿ ਪਿੰਡ ਪੱਧਰ ’ਤੇ ਵੇਰਕਾ ਦੇ ਦੁੱਧ ਖਰੀਦ ਢਾਂਚੇ ਨੂੰ ਹੋਰ ਮਜ਼ਬੂਤ ਕਰਕੇ ਖਪਤਕਾਰਾਂ ਨੂੰ ਉੱਤਮ ਗੁਣਵੱਤਾ ਦੇ ਦੁੱਧ ਪਦਾਰਥ ਮੁਹੱਈਆ ਕਰਵਾਉਣੇ ਪੰਜਾਬ ਸਰਕਾਰ ਦੀ ਪਹਿਲੀ ਤਰਜੀਹ ਹੈ।
ਉਨ੍ਹਾਂ ਦੱਸਿਆ ਕਿ ਮਿਲਕਫੈਡ, ਪੰਜਾਬ ਵਲੋਂ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਵਿਖੇ ਬਲਕ ਮਿਲਕ ਕੂਲਰ (BMC) ਲਗਾਏ ਜਾ ਰਹੇ ਹਨ ਜਿਸ ਨਾਲ ਦੁੱਧ ਬਹੁਤ ਜਲਦੀ ਠੰਡਾ ਹੋ ਜਾਂਦਾ ਹੈ ਅਤੇ ਉਸ ਦੀ ਗੁਣਵਤਾ ਬਰਕਰਾਰ ਰਹਿੰਦੀ ਹੈ। ਇਸ ਤੋਂ ਇਲਾਵਾ ਪਿੰਡ ਪੱਧਰ ਤੇ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਵਿਖੇ ਮਿਲਕੋ ਸਕਰੀਨ ਅਤੇ ਏ.ਐਮ.ਸੀ.ਯੂ. (AMCU) ਵੀ ਲਗਾਏ ਜਾ ਰਹੇ ਹਨ ਜਿਸ ਨਾਲ ਦੁੱਧ ਪ੍ਰਾਪਤੀ ਵਿੱਚ ਹੋਰ ਪਾਰਦਰਸ਼ਤਾ ਵਧੇਗੀ ਅਤੇ ਦੁੱਧ ਉਤਪਾਦਕਾਂ ਦਾ ਮਿਲਕਫੈਡ ਵਿੱਚ ਵਿਸ਼ਵਾਸ਼ ਵਧੇਗਾ।
ਮਿਲਕਫੈਡ ਵਲੋਂ ਦੁੱਧ ਉਤਪਾਦਕਾਂ ਨੂੰ ਵਾਜਿਬ ਰੇਟ ਤੇ ਹਰੇ ਚਾਰੇ ਦੇ ਬੀਜ਼, ਕੈਟਲਫੀਡ, ਮਿਨਰਲ ਮਿਕਸ਼ਚਰ ਅਤੇ ਦੁਧਾਰੂ ਪਸ਼ੂਆਂ ਦੀ ਨਸਲ ਸੁਧਾਰ ਲਈ ਸੀਮਨ ਮੁਹਇਆ ਕਰਵਾਇਆ ਜਾਂਦਾ ਹੈ। ਇਸ ਨਾਲ ਜਿੱਥੇ ਖਪਤਕਾਰਾਂ ਦਾ ਵੇਰਕਾ ਵਿਚ ਵਿਸਵਾਸ਼ ਵਧੇਗਾ ਉੱਥੇ ਵੇਰਕਾ ਬਰਾਂਡ ਦੇ ਦੁੱਧ ਅਤੇ ਦੁੱਧ ਪਦਾਰਥਾਂ ਦੀ ਮੰਡੀ ਵਿੱਚ ਮੰਗ ਵਧੇਗੀ ਅਤੇ ਮਿਲਕਫੈਡ ਆਪਣੇ ਲੱਖਾਂ ਦੁੱਧ ਉਤਪਾਦਕਾਂ ਨੂੰ ਦੁੱਧ ਦੀਆਂ ਲਾਹੇਵੰਦ ਕੀਮਤਾਂ ਦੇ ਸਕੇਗਾ।