ਕੋਟ ਈਸੇ ਖਾਂ : ਥਾਣਾ ਕੋਟ ਈਸੇ ਖਾਂ ਵਿਖੇ ਨਸ਼ਾ ਛਡਾਊ ਕੇਂਦਰ, ਆਸ ਦੀ ਕਿਰਨ ਫਾਊਂਡੇਸ਼ਨ, ਪਿੰਡ ਚੀਮਾ ਵਿਖੇ ਇੱਕ ਵਿਅਕਤੀ ਦੀ ਮੌਤ ਦਾ ਮਾਮਲਾ ਸਾਹਮਣੇ ਆਉਣ ਤੇ ਪੁਲਿਸ ਵੱਲੋਂ ਤੁਰੰਤ ਪ੍ਰਭਾਵ ਨਾਲ ਕਾਰਵਾਈ ਆਰੰਭੀ ਗਈ। ਇਸ ਤਹਿਤ ਰਮਨਦੀਪ ਸਿੰਘ ਉਪ ਕਪਤਾਨ ਪੁਲਿਸ, ਸਬ-ਡਵੀਜਨ ਧਰਮਕੋਟ ਅਤੇ ਮੁੱਖ ਅਫਸਰ ਥਾਣਾ ਕੋਟ ਈਸੇ ਖਾਂ ਵੱਲੋ ਤੁਰੰਤ ਮਾਮਲੇ ਦੀ ਤਫਤੀਸ਼ ਕੀਤੀ ਗਈ।
ਉਪ ਕਪਤਾਨ ਪੁਲਿਸ ਰਮਨਦੀਪ ਸਿੰਘ ਨੇ ਦੱਸਿਆ ਕਿ ਇਸ ਤਫਤੀਸ਼ ਦੌਰਾਨ ਪਤਾ ਲੱਗਾ ਕਿ ਉਕਤ ਵਿਅਕਤੀ ਜਿਸ ਦਾ ਨਾਮ ਕਰਮਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਵਾਰਡ ਨੰ:10, ਨੇੜੇ ਸਾਇੰਸ ਕਾਲਜ, ਜ਼ਿਲ੍ਹਾ ਜਗਰਓਂ ਦਾ ਰਹਿਣ ਵਾਲ ਹੈ, ਜੋ ਇਸ ਨਸ਼ਾ ਛਡਾਊ ਕੇਂਦਰ ਵਿਖੇ ਇਲਾਜ ਅਧੀਨ ਸੀ, ਇਸਦੇ ਪਰਿਵਾਰ ਬਾਰੇ ਪਤਾ ਕਰਕੇ ਉਨ੍ਹਾ ਨਾਲ ਸਪੰਰਕ ਕੀਤਾ ਗਿਆ ਅਤੇ ਉਸਦੇ ਮਾਮਾ ਤਰਲੋਚਨ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਵਾਰਡ ਨੰ:05, ਮੁੱਹਲਾ ਹਰਦੇਵ ਨਗਰ, ਜ਼ਿਲ੍ਹਾ ਜਗਰਾਓ ਨੇ ਦੱਸਿਆ ਕਿ ਉਸਦਾ ਭਾਣਜਾ ਕਰਮਜੀਤ ਸਿੰਘ ਜੋ ਨਸ਼ੇ ਕਰਨ ਦਾ ਆਦੀ ਹੋ ਚੁੱਕਾ ਸੀ, ਨੂੰ ਮਿਤੀ 12 ਨਵੰਬਰ 2024 ਨੂੰ ਉਕਤ ਨਸ਼ਾ ਛਡਾਊ ਕੇਂਦਰ ਵਿਖੇ ਦਾਖ਼ਲ ਕਰਵਾਇਆ ਸੀ।
27 ਨਵੰਬਰ ਦੀ ਰਾਤ ਨੂੰ ਨਸ਼ਾ ਛਡਾਊ ਕੇਂਦਰ, ਆਸ ਦੀ ਕਿਰਨ ਫਾਊਂਡੇਸ਼ਨ, ਪਿੰਡ ਚੀਮਾ ਦੇ ਦਲਜੀਤ ਸਿੰਘ ਪੁੱਤਰ ਕੁਲਬੀਰ ਸਿੰਘ ਵਾਸੀ ਸ਼ੇਰਪੁਰ ਤਖਤੁਵਾਲਾ, ਅਮਨਪ੍ਰੀਤ ਸਿੰਘ ਉਰਫ਼ ਨਿਕੂ ਪੁੱਤਰ ਨਾਮਲੂਮ ਵਾਸੀ ਕੋਕਰੀ ਕਲਾਂ ਅਤੇ ਅੰਕਿਤ ਨਾਗਪਾਲ ਉਰਫ ਸੰਜੂ ਪੁੱਤਰ ਨਾਮਲੂਮ ਵਿਅਕਤੀਆਂ ਵੱਲੋਂ ਆਪਣੇ ਵਹੀਕਲ ਉਪਰ ਸਵਾਰ ਹੋ ਕੇ ਉਹਨਾਂ ਦੇ ਭਾਣਜੇ ਦੀ ਲਾਸ਼ ਲੈ ਕੇ ਉਹਨਾਂ ਦੇ ਘਰ ਆ ਗਏ।
ਉਹਨਾਂ ਦੱਸਿਆ ਕਿ ਜਦੋਂ ਉਹਨਾਂ ਲਾਸ਼ ਦੇਖੀ ਤਾਂ ਕਰਮਜੀਤ ਸਿੰਘ ਦੇ ਸਰੀਰ ’ਤੇ ਬਹੁਤ ਤਸ਼ੱਦਦ ਦੇ ਨਿਸ਼ਾਨ ਸਨ। ਜਿਸ ’ਤੇ ਤਰਲੋਚਨ ਸਿੰਘ ਵੱਲੋਂ ਨਸ਼ਾ ਛਡਾਊ ਕੇਂਦਰ ਚਲਾ ਰਹੇ ਇਹਨਾਂ ਤਿੰਨਾਂ ਵਿਅਕਤੀਆਂ ਵੱਲੋਂ ਉਸ ਦੇ ਭਾਣਜੇ ਕਰਮਜੀਤ ਸਿੰਘ ਦੀ ਕੁੱਟਮਾਰ ਕਰਕੇ ਉਸਦਾ ਕਤਲ ਕੀਤੇ ਜਾਣ ਦਾ ਖਦਸ਼ਾ ਜਾਹਿਰ ਕੀਤਾ ਗਿਆ, ਜਿਸ ਦੇ ਬਿਆਨਾਂ ਦੇ ਅਧਾਰ ’ਤੇ 3 ਵਿਅਕਤੀਆਂ ਦਲਜੀਤ ਸਿੰਘ ਪੁੱਤਰ ਕੁਲਬੀਰ ਸਿੰਘ ਵਾਸੀ ਸ਼ੇਰਪੁਰ ਤਖਤੁਵਾਲਾ, ਅਮਨਪ੍ਰੀਤ ਸਿੰਘ ਉਰਫ਼ ਨਿਕੂ ਪੁੱਤਰ ਨਾਮਲੂਮ ਵਾਸੀ ਕੋਕਰੀ ਕਲਾਂ ਅਤੇ ਅੰਕਿਤ ਨਾਗਪਾਲ ਉਰਫ਼ ਸੰਜੂ ਪੁੱਤਰ ਨਾਮਲੂਮ ਦੇ ਖਿਲਾਫ਼ ਮੁੱਕਦਮਾ ਦਰਜ ਕੀਤਾ ਗਿਆ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਦੋਸ਼ੀਆ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।