(ਇਹ ਮੁਕਾਬਲਾ ਪੰਜਾਬੀ ਦੇ ਉੱਘੇ ਵਿਦਵਾਨ ਡਾ. ਹਰਭਜਨ ਸਿੰਘ ਦੀ ਯਾਦਗਾਰੀ `ਚ ਸ਼ੁਰੂ ਕੀਤਾ ਹੈ: ਪ੍ਰੋ. ਹਰਪ੍ਰੀਤ ਕੌਰ)
(ਐਡਵੋਕੇਟ ਜਸਵਿੰਦਰ ਸਿੰਘ ਜੌਲੀ ਨੇ ਕਾਲਜ ਦੇ ਇਸ ਉਪਰਾਲੇ ਨੂੰ ਸ਼ਲਾਘਾਯੋਗ ਕਦਮ ਦਸਿਆ)
ਨਵੀਂ ਦਿੱਲੀ, 24 ਅਕਤੂਬਰ (ਸੁਖਰਾਜ ਸਿੰਘ): ਮਾਤਾ ਸੁੰਦਰੀ ਕਾਲਜ ਵਿਖੇ 47ਵਾਂ ਬਾਣੀ ਕੀਰਤਨ ਮੁਕਾਬਲਾ 22 ਤੇ 23 ਅਕਤੂਬਰ ਨੂੰ ਕਰਵਾਇਆ ਗਿਆ।ਇਹ ਮੁਕਾਬਲਾ ਸਿਰਫ਼ ਕਾਲਜੀਏਟ ਪੱਧਰ `ਤੇ ਹੀ ਨਹੀਂ ਕੀਤਾ ਗਿਆ, ਸਗੋਂ ਸਕੂਲ ਪੱਧਰ ਦੇ ਨਰਸਰੀ, ਪ੍ਰਾਇਮਰੀ, ਮਿਡਲ, ਸੈਕੰਡਰੀ ਤੇ ਸੀਨੀਅਰ ਸੈਕੰਡਰੀ ਵਿਦਿਆਰਥੀਆਂ ਨੇ ਇਸ ਪ੍ਰਤੀਯੋਗਤਾ ਵਿਚ ਵਧ-ਚੜ੍ਹ ਕੇ ਭਾਗ ਲਿਆ।ਇਸ ਸਾਲ ਦੇ ਮੁਕਾਬਲੇ ਦਾ ਮੁੱਖ ਵਿਸ਼ਾ ਸਿੱਖਾਂ ਦੇ ਚੋਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੂੰ ਸਮਰਪਿਤ ਸੀ।ਸ਼੍ਰੀ ਗੁਰੂ ਰਾਮਦਾਸ ਜੀ ਨੇ ਪੰਥ ਦੀ ਸਥਾਪਨਾ ਖਾਤਰ, ਸਿੱਖ ਧਰਮ ਨੂੰ ਰੂਪ ਦੇਣ, ਬਰਾਬਰੀ ਅਤੇ ਭਾਈਚਾਰਕ ਸੇਵਾ ਨੂੰ ਉਤਸ਼ਾਹਿਤ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ।ਇਸ ਸਮਾਗਮ ਦਾ ਉਦਘਾਟਨੀ ਸਮਾਰੋਹ ਪਹਿਲੇ ਦਿਨ ਕਾਲਜ ਦੇ ਗੁਰਦੁਆਰਾ ਸਾਹਿਬ ਵਿਖੇ ਹੋਇਆ।ਕਾਲਜ ਦੀ ਪ੍ਰਿੰਸੀਪਲ ਪ੍ਰੋ. ਹਰਪ੍ਰੀਤ ਕੌਰ ਨੇ ਜੱਜ ਸਾਹਿਬਾਨਾਂ ਦੇ ਨਾਲ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਟੀਮ ਕੋਆਰਡੀਨੇਟਰਾ ਨੂੰ ਜੀ ਆਇਆ ਕਿਹਾ ਅਤੇ ਗੁਰੂ ਸਾਹਿਬ ਤੇ ਮਾਤਾ ਸੁੰਦਰੀ ਜੀ ਤੋਂ ਅਸ਼ੀਰਵਾਦ ਲੈ ਕੇ ਸਮਾਗਮ ਦੀ ਰਸਮੀ ਸ਼ੁਰੂਆਤ ਕੀਤੀ।ਸਮਾਗਮ ਦੇ ਪਹਿਲੇ ਦਿਨ ਹਰ ਪੱਧਰ `ਤੇ ਬਾਣੀ ਤੇ ਭਾਸ਼ਣ ਮੁਕਾਬਲੇ ਕਰਵਾਏ ਗਏ।ਬਾਣੀ ਮੁਕਾਬਲਾ ਗੁਰੂ ਰਾਮਦਾਸ ਜੀ ਦੁਆਰਾ ਰਚਿਤ ਕਰਹਲੇ ਅਤੇ ਲਾਵਾਂ `ਤੇ ਅਧਾਰਤ ਸੀ।ਲਗਭਗ 230 ਵਿਦਿਆਰਥੀਆਂ ਨੇ ਬਾਣੀ ਪੱਧਰ ਦੇ ਮੁਕਾਬਲਿਆਂ ਵਿੱਚ ਭਾਗ ਲਿਆ।ਇਸ ਤਰ੍ਹਾਂ ਹੀ ਘੋਸ਼ਣਾ ਮੁਕਾਬਲੇ ਵਿੱਚ 200 ਤੋਂ ਵਧ ਵਿਦਿਆਰਥੀਆਂ ਨੇ ਭਾਗ ਲਿਆ। ਜੇਤੂ ਟੀਮਾਂ ਨੂੰ ਟਰਾਫੀਆਂ ਅਤੇ ਨਕਦ ਇਨਾਮ ਦਿੱਤੇ ਗਏ।ਸਮਾਗਮ ਦੇ ਦੂਜੇ ਦਿਨ ਕੀਰਤਨ ਅਤੇ ਅਖਰਕਾਰੀ (ਗੁਰਬਾਣੀ ਕੈਲੀਗ੍ਰਾਫੀ) ਦੇ ਮੁਕਾਬਲੇ ਕਰਵਾਏ ਗਏ।ਅੱਖਰਕਾਰੀ ਮੁਕਾਬਲੇ ਦੀ ਸ਼ੁਰੂਆਤ ਪਿਛਲੇ ਸਾਲ ਕੀਤੀ ਸੀ।ਇਹ ਮੁਕਾਬਲਾ ਪੰਜਾਬੀ ਦੇ ਉੱਘੇ ਵਿਦਵਾਨ ਡਾ. ਹਰਭਜਨ ਸਿੰਘ ਦੀ ਯਾਦਗਾਰੀ ਦੇ ਰੂਪ ਵਿਚ ਸ਼ੁਰੂ ਕੀਤਾ ਗਿਆ ਹੈ, ਜਿਸ ਨੂੰ ਇਸ ਵਾਰ ਮਿਡਲ ਪੱਧਰ ਤੋਂ ਕਾਲਜ ਪੱਧਰ ਤਕ ਕਰਵਾਇਆ ਗਿਆ।ਇਨ੍ਹਾਂ ਦੋਵਾਂ ਵਰਗਾਂ ਵਿੱਚ ਅਖਰਕਾਰੀ ਮੁਕਾਬਲੇ ਵਿੱਚ 100 ਤੋਂ ਵੀ ਵੱਧ ਪ੍ਰਤੀਯੋਗੀਆਂ ਨੇ ਭਾਗ ਲਿਆ। ਹਰ ਪੱਧਰ `ਤੇ ਕੀਰਤਨ ਮੁਕਾਬਲੇ ਵੀ ਕਰਵਾਏ ਗਏ, ਜਿਸ ਵਿਚ ਵੀ 53 ਤੋਂ ਵੱਧ ਟੀਮਾਂ ਨੇ ਭਾਗ ਲਿਆ। ਦੂਜੇ ਦਿਨ ਕਾਲਜ ਦੇ ਗੁਰਦੁਆਰਾ ਸਾਹਿਬ ਵਿੱਚ ਦੁਪਹਿਰ ਨੂੰ ਕੀਰਤਨ ਮੁਕਾਬਲੇ ਦਾ ਸਮਾਪਤੀ ਸਮਾਰੋਹ ਕੀਤਾ।ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕਰਨ ਵਾਲੇ ਐਡਵੋਕੇਟ ਸ. ਜਸਵਿੰਦਰ ਸਿੰਘ ਜੌਲੀ, ਸ. ਸਤਨਾਮ ਸਿੰਘ, ਮੈਂਬਰ ਗਵਰਨਿੰਗ ਬਾਡੀ, ਸ. ਕੁਲਬੀਰ ਸਿੰਘ, ਮੈਂਬਰ ਗਵਰਨਿੰਗ ਬਾਡੀ, ਸ. ਰਜਿੰਦਰ ਸਿੰਘ ਵਿਰਾਸਤ ਚੇਅਰਮੈਨ ਵਿਰਾਸਤ ਸਿੱਖਇਜ਼ਮ ਟਰੱਸਟ ਅਤੇ ਸ਼੍ਰੀ ਕਰਨਵੀਰ ਭੁੱਲਰ ਡਿਪਟੀ ਡਾਇਰੈਕਟਰ-ਪ੍ਰੋਡਕਸ਼ਨ, ਪ੍ਰਿੰਸੀਪਲ ਪ੍ਰੋ. ਹਰਪ੍ਰੀਤ ਕੌਰ ਜੇਤੂਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ।ਵਿਸ਼ੇਸ਼ ਮਹਿਮਾਨ ਐਡਵੋਕੇਟ ਜਸਵਿੰਦਰ ਸਿੰਘ ਜੌਲੀ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਅਤੇ ਪ੍ਰਬੰਧਕੀ ਟੀਮ ਡਾ. ਇਸ਼ਲੀਨ ਕੌਰ, ਕਨਵੀਨਰ ਬਾਣੀ ਕੀਰਤਨ ਮੁਕਾਬਲੇ, ਪ੍ਰੋ. ਹਰਲੀਨ ਕੌਰ ਤੇ ਸ੍ਰੀਮਤੀ ਜਸਮੀਤ ਕੌਰ ਕੋ-ਕਨਵੀਨਰ, ਸ੍ਰੀਮਤੀ ਰਸ਼ਮੀ ਸਿੰਘ ਕਨਵੀਨਰ ਦੀ ਸ਼ਲਾਘਾ ਕੀਤੀ।ਇਸ ਮੁਕਾਬਲੇ ਲਈ ਡਿਵਨਿਟੀ ਸੁਸਾਇਟੀ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਨਾਲ ਕਾਲਜ ਦੀਆਂ ਹੋਰ ਸੁਸਾਇਟੀਆਂ ਨੇ ਆਪਣਾ ਵਿਸ਼ੇਸ਼ ਯੋਗਦਾਨ ਦਿੱਤਾ।






