ਲੁਧਿਆਣਾ : ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ (Ravneet Singh Bittu) ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਭਾਰਤੀ ਜਨਤਾ ਪਾਰਟੀ ’ਚ ਸ਼ਮੂਲੀਅਤ ਕਰ ਲਈ ਹੈ। ਇਸ ਨਾਲ ਲੁਧਿਆਣਾ ਦੇ ਸਿਆਸੀ ਸਮੀਕਰਣ ਬਦਲ ਗਏ ਹਨ। ਬਿੱਟੂ ਵੱਲੋਂ ਭਾਜਪਾ ’ਚ ਪਲਟੀ ਮਾਰਨ ਕਰ ਕੇ ਕਾਂਗਰਸ ਪਾਰਟੀ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਚੋਣ ਮੈਦਾਨ ’ਚ ਉਤਾਰ ਸਕਦੀ ਹੈ। ਇਹ ਵੀ ਕਨਸੋਅ ਮਿਲੀ ਹੈ ਕਿ ਭਾਜਪਾ ਵੱਲੋਂ ਬਿੱਟੂ ਨੂੰ ਲੁਧਿਆਣਾ ਤੋਂ ਚੋਣ ਮੈਦਾਨ ਵਿੱਚ ਉਤਾਰਨ ਦੀ ਹਾਮੀ ਭਰ ਦਿੱਤੀ ਹੈ। ਪਰ ਭਾਜਪਾ ਦੇ ਸੂਬਾ ਪੱਧਰੀ ਆਗੂਆਂ ਨੇ ਕਿਹਾ ਕਿ ਹਾਲੇ ਕਿਸੇ ਵੀ ਆਗੂ ਵੱਲੋਂ ਟਿਕਟ ਦੇਣ ਦੀ ਗੱਲ ਨਹੀਂ ਹੋਈ। ਉਨ੍ਹਾਂ ਕਿਹਾ ਕਿ ਇਹ ਵੀ ਹੋ ਸਕਦਾ ਹੈ ਕਿ ਪਾਰਟੀ ਬਿੱਟੂ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਚੋਣ ਮੈਦਾਨ ’ਚ ਉਤਾਰ ਦੇਵੇ। ਲੁਧਿਆਣਾ ਤੋਂ ਹੀ ਚੋਣ ਲੜਨ ਦੀ ਗੱਲ ਪੱਕੀ ਹੋਣ ਦੀ ਬਿੱਟੂ ਦੇ ਨਜ਼ਦੀਕੀਆਂ ਨੇ ਪੁਸ਼ਟੀ ਕੀਤੀ ਹੈ। ਲੁਧਿਆਣਾ ਤੋਂ ਭਾਜਪਾ ਦਾ ਉਮੀਦਵਾਰ ਕੌਣ ਹੋਵੇਗਾ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਬਿੱਟੂ ਦੀ ਨਵੀਂ ਸਿਆਸੀ ਪਾਰੀ ਨੇ ਸਾਰੇ ਸਿਆਸੀ ਪੱਤੇ ਖਿਲਾਰ ਦਿੱਤੇ ਹਨ। ਲੋਕ ਸਭਾ ਮੈਂਬਰ ਬਿੱਟੂ ਦੇ ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਭਾਜਪਾ ਦੇ ਪਾਰਟੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਂਗਰਸ ਤੇ ਹੋਰ ਪਾਰਟੀਆਂ ਦੇ ਦੋ ਜਾਂ ਤਿੰਨ ਵੱਡੇ ਕੱਦੇ ਦੇ ਆਗੂ ਭਾਜਪਾ ’ਚ ਸ਼ਮੂਲੀਅਤ ਕਰਨ ਲਈ ਤਿਆਰੀ ਖਿੱਚੀ ਬੈਠੇ ਹਨ। ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਦੇ ਵੀ ਭਾਜਪਾ ’ਚ ਸ਼ਾਮਲ ਹੋਣ ਦੀ ਚਰਚਾ ਨੇ ਜ਼ੋਰ ਫੜਿਆ ਹੋਇਆ ਹੈ, ਪਰ ਤਿਵਾੜੀ ਨੇ ਨਜ਼ਦੀਕੀਆਂ ਦਾ ਕਹਿਣਾ ਹੈ ਕਿ ਹਾਲੇ ਅਜਿਹਾ ਕੁੱਝ ਵੀ ਨਹੀਂ ਹੈ। ਐੱਮੀਪੀ ਰਵਨੀਤ ਸਿੰਘ ਬਿੱਟੂ ਦੇ ਭਾਜਪਾ ’ਚ ਸ਼ਾਮਲ ਹੋਣ ਦਾ ਪੰਜਾਬ ਭਾਜਪਾ ਦੇ ਸੂਬਾ ਜਨਰਲ ਸਕੱਤਰ ਤੇ ਬੁਲਾਰੇ ਅਨਿਲ ਸਰੀਨ, ਭਾਜਪਾ ਦੇ ਸੂਬਾ ਮੀਤ ਪ੍ਰਧਾਨ ਪ੍ਰਵੀਨ ਬਾਂਸਲ, ਪੰਜਾਬ ਭਾਜਪਾ ਦੇ ਸਾਬਕਾ ਜਨਰਲ ਸਕੱਤਰ ਜੀਵਨ ਗੁਪਤਾ ਅਤੇ ਪੰਜਾਬ ਭਾਜਪਾ ਦੇ ਮੀਡੀਆ ਪੈਨਲਿਸਟ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਭਾਜਪਾ ਹਾਈਕਮਾਂਡ ਵੱਲੋਂ ਬਿੱਂਟੂ ਨੂੰ ਪਾਰਟੀ ’ਚ ਸ਼ਾਮਲ ਕੀਤਾ ਗਿਆ ਹੈ, ਜਿਸ ਦਾ ਉਹ ਸਵਾਗਤ ਕਰਦੇ ਹਨ। ਉਨ੍ਹਾਂ ਕਿਹਾ ਕਿ ਬਿੱਟੂ ਦੇ ਭਾਜਪਾ ’ਚ ਸ਼ਾਮਿਲ ਹੋਣ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਦੇ ਕੰਮਾਂ ਤੋਂ ਖੁਸ਼ ਹੋ ਕੇ ਅੱਜ ਜਿੱਥੇ ਦੇਸ਼ ਦੇ ਲੋਕ ਪਾਰਟੀ ਦੇ ਨਾਲ ਜੁੜ ਰਹੇ ਹਨ, ਉੱਥੇ ਹਰ ਪਾਰਟੀ ਦੇ ਆਗੂ ਤੇ ਵਰਕਰ ਦੀ ਭਾਜਪਾ ’ਚ ਸ਼ਮੂਲੀਅਤ ਕਰ ਕੇ ਤੀਸਰੀ ਵਾਰ ਦੇਸ਼ ਅੰਦਰ ਭਾਜਪਾ ਸਰਕਾਰ ਬਣਾਉਣ ਲਈ ਤੱਤਪਰ ਹਨ। ਭਾਵੇਂ ਕਿ ਭਾਜਪਾ ਆਗੂਆਂ ਵੱਲੋਂ ਬਿੱਟੂ ਦਾ ਪਾਰਟੀ ’ਚ ਸ਼ਾਮਲ ਹੋਣ ਦਾ ਸਵਾਗਤ ਕੀਤਾ ਜਾ ਰਿਹਾ ਹੈ ਪਰ ਬਹੁਤੇ ਭਾਜਪਾਈ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਨੂੰ ਪਾਰਟੀ ’ਚ ਸ਼ਾਮਲ ਕਰਨ ਕਰ ਕੇ ਮਾਯੂਸ ਹਨ। ਪਾਰਟੀ ਹਾਈਕਮਾਂਡ ਦਾ ਫ਼ੈਸਲਾ ਹੋਣ ਕਰ ਕੇ ਭਾਵੇਂ ਕੋਈ ਵੀ ਭਾਜਪਾਈ ਬੋਲਣ ਲਈ ਤਿਆਰ ਨਹੀਂ ਹੈ। ਪਰ ਉਨ੍ਹਾਂ ਦੀ ਆਵਾਜ਼ ਤੋਂ ਦਰਦ ਸਾਫ਼ ਛਲਕ ਰਿਹਾ ਹੈ। ਬਿੱਟੂ ਦੇ ਦਾਖ਼ਲੇ ਨਾਲ ਭਾਜਪਾ ਵਿੱਚ ਅੰਦਰਖਾਤੇ ਸਭ ਕੁੱਝ ਚੰਗਾ ਨਹੀਂ ਚੱਲ ਰਿਹਾ।
ਬਿੱਟੂ ਦੇ ਪਾਰਟੀ ਛੱਡਣ ਨਾਵ ਕਾਂਗਰਸੀ ਹੋਏ ਨਿਰਾਸ਼
ਐੱਮੀਪੀ ਰਵਨੀਤ ਸਿੰਘ ਬਿੱਟੂ ਦੇ ਭਾਜਪਾ ’ਚ ਸ਼ਾਮਲ ਹੋਣ ਨਾਲ ਕਾਂਗਰਸ ਪਾਰਟੀ ਦੇ ਵਰਕਰਾਂ ’ਚ ਭਾਰੀ ਮਾਯੂਸੀ ਪਾਈ ਜਾ ਰਹੀ ਹੈ। ਵਰਕਰਾਂ ਦਾ ਕਹਿਣਾ ਹੈ ਕਿ ਬਿੱਟੂ ਨੇ ਲੋਕ ਸਭਾ ਮੈਂਬਰ ਬਣਨ ਤੋਂ ਬਾਅਦ ਪਾਰਟੀ ਨੂੰ ਮਜ਼ਬੂਤ ਕਰਨ ਦੀ ਬਜਾਏ ਕਮਜ਼ੋਰ ਹੀ ਕੀਤਾ ਸੀ, ਕਿਉਂਕਿ ਉਨ੍ਹਾਂ ਨੇ ਆਪਣੇ 10 ਸਾਲਾਂ ਦੇ ਕਾਰਜਕਾਲ ’ਚ ਪਾਰਟੀ ਵਰਕਰਾਂ ਤੇ ਲੁਧਿਆਣਾ ਦੇ ਲੋਕਾਂ ਦੀ ਭਲਾਈ ਨਹੀਂ ਕੋਈ ਵੀ ਕੰਮ ਨਹਂੀ ਕੀਤਾ। ਹੋਰ ਤਾਂ ਹੋਰ ਉਹ ਕਿਸੇ ਦਾ ਟੈਲੀਫੋਨ ਚੁੱਕਣਾ ਵੀ ਜ਼ਰੂਰੀ ਨਹੀਂ ਸਮਝਦੇ ਸਨ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣ ਦੇ ਐਲਾਨ ਹੋਣ ਤੋਂ ਬਾਅਦ ਬਿੱਟੂ ਨੇ ਪਾਰਟੀ ਛੱਡ ਕੇ ਦਗਾ ਕੀਤਾ ਹੈ। ਵਰਕਰਾਂ ਅਨੁਸਾਰ ਲੋਕ ਬਿੱਟੂ ਨੂੰ ਮੂੰਹ ਨਹੀਂ ਲਗਾਉਣਗੇ ਅਤੇ ਕਾਂਗਰਸ ਪਾਰਟੀ ਸ਼ਾਨ ਨਾਲ ਚੋਣ ਜਿੱਤੇਗੀ।
ਲੋਕ ਇਨਸਾਫ਼ ਪਾਰਟੀ ਤੇ ਕਾਂਗਰਸ ਵੀ ਇਕੱਠੇ ਲੜ ਸਕਦੇ ਨੇ ਚੋਣ
ਬਿੱਟੂ ਦੇ ਭਾਜਪਾ ’ਚ ਸ਼ਾਮਲ ਹੋਣ ਨਾਲ ਇਹ ਵੀ ਚਰਚਾ ਚੱਲ ਪਈ ਹੈ ਕਿ ਜੇਕਰ ਭਾਰਤ ਭੂਸ਼ਣ ਆਸ਼ੂ ਚੋਣ ਮੈਦਾਨ ’ਚ ਨਹੀਂ ਨਿਤਰਦੇ, ਤਾਂ ਉਨ੍ਹਾਂ ਦੇ ਨਜ਼ਦੀਕੀ ਸਾਥੀ ਅਤੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਹਲਕਾ ਲੁਧਿਆਣਾ ਤੋਂ ਉਮੀਦਵਾਰ ਹੋ ਸਕਦੇ ਹਨ। ਬੈਂਸ ਕਾਂਗਰਸ ਦੇ ਚੋਣ ਨਿਸ਼ਾਨ ’ਤੇ ਚੋਣ ਲੜਦੇ ਹਨ ਜਾਂ ਆਪਣੀ ਪਾਰਟੀ ਦਾ ਕਾਂਗਰਸ ਨਾਲ ਗਠਜੋੜ ਕਰ ਕੇ ਚੋਣ ਲੜਦੇ ਹਨ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਇਹ ਵੀ ਪਤਾ ਲੱਗਾ ਹੈ ਕਿ ਬੈਂਸ ਦੀ ਭਾਜਪਾ ਨਾਲ ਵੀ ਗੱਲਬਾਤ ਚੱਲ ਰਹੀ ਹੈ, ਪਰ ਬਿੱਟੂ ਦੇ ਭਾਜਪਾ ’ਚ ਸ਼ਾਮਲ ਹੋਣ ਨਾਲ ਸਾਰੇ ਸਮੀਕਰਣ ਬਦਲ ਗਏ ਹਨ। ਗੱਲਬਾਤ ਕਰਨ ’ਤੇ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਚੋਣਾਂ ਸਮੇਂ ਸਿਆਸੀ ਪਾਰਟੀਆਂ ਤੇ ਸਿਆਸਤਦਾਨਾਂ ਦਰਮਿਆਨ ਗੱਲਬਾਤ ਚੱਲਦੀ ਰਹਿੰਦੀ ਹੈ। ਪਰ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਉਹ ਕਿਸ ਪਾਰਟੀ ਵੱਲੋਂ, ਕਿਸ ਪਾਰਟੀ ਨਾਲ ਸਮਝੌਤਾ ਕਰ ਕੇ ਜਾਂ ਆਪਣੀ ਪਾਰਟੀ ਵੱਲੋਂ ਚੋਣ ਲੜਦੇ ਹਨ।
ਭਾਰਤ ਭੂਸ਼ਣ ਆਸ਼ੂ ਭਾਜਪਾ ’ਚ ਨਹੀਂ ਹੋਣਗੇ ਸ਼ਾਮਲ
ਸਾਬਕਾ ਕੌਂਸਲਰ ਤੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਨੇ ਸਾਫ਼ ਸ਼ਬਦਾਂ ’ਚ ਕਿਹਾ ਕਿ ਭਾਰਤ ਭੂਸ਼ਣ ਆਸ਼ੂ ਕਿਸੇ ਵੀ ਕੀਮਤ ’ਤੇ ਭਾਜਪਾ ’ਚ ਸ਼ਾਮਲ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਲੁਧਿਆਣਾ ਤੋਂ ਲੋਕ ਸਭਾ ਚੋਣ ’ਚ ਕਿਸ ਨੂੰ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਜਾਵੇਗਾ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਉਨ੍ਹਾਂ ਕਿਹਾ ਕਿ ਜਿਸ ਨੂੰ ਵੀ ਪਾਰਟੀ ਵੱਲੋਂ ਟਿਕਟ ਦਿੱਤੀ ਜਾਵੇਗੀ, ਸਾਰੇ ਉਸ ਨੂੰ ਜਿਤਾਉਣ ਲਈ ਪੂਰਾ ਜ਼ੋਰ ਲਗਾਉਣਗੇ। ਉਨ੍ਹਾਂ ਕਿਹਾ ਕਿ ਅੱਜ ਵੀ ਕਾਂਗਰਸ ਪਾਰਟੀ ਦੀ ਚੰਡੀਗੜ੍ਹ ’ਚ ਮੀਟਿੰਗ ਹੋ ਰਹੀ ਹੈ, ਉਸ ਵਿੱਚ ਅਚਾਨਕ ਬਦਲੇ ਸਿਆਸੀ ਸਮੀਕਰਣ ’ਤੇ ਚਰਚਾ ਹੋਵੇਗੀ।
ਆਸ਼ੂ ਨਾਲ ਯਾਰੀ ਭਾਵੇਂ ਟੁੱਟੀ ਪਰ ਪੇਸ਼ੀ ਇਕੱਠੇ ਭੁਗਤਣਗੇ
ਦੱਸਣਯੋਗ ਹੈ ਕਿ ਜਦ ਆਸ਼ੂ ਨੂੰ ਗ੍ਰਿਫ਼ਤਾਰ ਕਰਨ ਲਈ ਵਿਜੀਲੈਂਸ ਟੀਮ ਪੁੱਜੀ ਸੀ ਤਾਂ ਬਿੱਟੂ ਅੱਗੇ ਹੋ ਗਏ ਸਨ। ਉਨ੍ਹਾਂ ਆਸ਼ੂ ਦਾ ਪੂਰਾ ਸਾਥ ਦਿੱਤਾ ਸੀ। ਹੁਣ ਵੀ ਜਦੋਂ ਨਗਰ ਨਿਗਮ ਨੂੰ ਬਿੱਟੂ ਨੇ ਜਿੰਦਰੇ ਲਗਾਏ ਤਾਂ ਆਸ਼ੂ ਨਾਲ ਸਨ। ਦੋਵਾਂ ਖ਼ਿਲਾਫ਼ ਮਾਮਲੇ ਇਕੱਠਿਆਂ ਦਰਜ ਹੋਏ। ਹੁਣ ਭਾਵੇਂ ਬਿੱਟੂ ਭਾਜਪਾ ’ਚ ਸ਼ਾਮਲ ਹੋ ਗਏ ਹਨ ਪਰ ਦੋਵੇਂ ਪੇਸ਼ੀ ’ਤੇ ਇਕੱਠੇ ਹੀ ਜਾਣਗੇ ਕਿਉਂਕਿ ਦੋਵਾਂ ’ਤੇ ਇੱਕੋ ਮਾਮਲਾ ਦਰਜ ਹੈ।
ਭਾਜਪਾ ਨੂੰ ਗਾਲਾਂ ਕੱਢਦੇ ਸਨ, ਅੱਜ ਉਸੇ ਪਾਰਟੀ ’ਚ ਸ਼ਾਮਲ ਹੋ ਗਏ : ਮਮਤਾ ਆਸ਼ੂ
ਸਾਬਕਾ ਕੌਂਸਲਰ ਮਮਤਾ ਆਸ਼ੂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਗਾਲਾਂ ਕੱਢਦੇ ਹੋਏ ਅੱਜ ਉਸੇ ਪਾਰਟੀ ’ਚ ਸ਼ਾਮਲ ਹੋ ਗਏ। ਉਨ੍ਹਾਂ ਕਿਹਾ ਕਿ ਬਿੱਟੂ ਭਾਜਪਾ ’ਚ ਕਿਉਂ ਸ਼ਾਮਲ ਹੋਏ, ਇਹ ਤਾਂ ਉਹ ਦੱਸ ਸਕਦੇ ਹਨ ਪਰ ਬਿੱਟੂ ਨੇ ਆਪਣੇ ਦਾਦਾ ਜੀ ਦੀ ਕੁਰਬਾਨੀ ਨੂੰ ਵਿਸਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਿੱਟੂ ਦੇ ਦਾਦਾ ਜੀ ਨੇ ਪੰਜਾਬ ਲਈ ਜੋ ਕੀਤਾ, ਉਸ ਨੂੰ ਵਿਸਾਰਿਆ ਨਹੀਂ ਜਾ ਸਕਦਾ। ਬਿੱਟੂ ਨੇ ਭਾਜਪਾ ਵਿੱਚ ਸ਼ਾਮਿਲ ਹੋ ਕੇ ਚੰਗਾ ਨਹੀਂ ਕੀਤਾ, ਕਿਉਂਕਿ ਪੰਜਾਬ ਨੇ ਉਨ੍ਹਾਂ ਨੂੰ ਬਹੁਤ ਕੁੱਝ ਦਿੱਤਾ ਹੈ। ਪਰ ਬਿੱਟੂ ਨੇ ਅੱਜ ਔਖੇ ਸਮੇਂ ਕਾਂਗਰਸ ਪਾਰਟੀ ਨੂੰ ਛੱਡ ਦਿੱਤਾ ਹੈ।
ਬਿੱਟੂ ਦੇ ਛੱਡਣ ਨਾਲ ਪਾਰਟੀ ਨੂੰ ਕੋਈ ਫ਼ਰਕ ਨਹੀਂ ਪਵੇਗਾ : ਤਲਵਾੜ
ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਸੰਜੇ ਤਲਵਾੜ ਨੇ ਕਿਹਾ ਕਿ ਐੱਮੀਪੀ ਰਵਨੀਤ ਸਿੰਘ ਬਿੱਟੂ ਦੇ ਕਾਂਗਰਸ ਪਾਰਟੀ ਨੂੰ ਛੱਡਣ ਨਾਲ ਪਾਰਟੀ ਨੂੰ ਕੋਈ ਵੀ ਫ਼ਰਕ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਸਮੁੰਦਰ ਹੈ ਇਸ ’ਚ ਕਈ ਆਗੂ ਆਉਂਦੇ ਤੇ ਕਈ ਜਾਂਦੇ ਹਨ, ਪਰ ਪਾਰਟੀ ਨੂੰ ਕੋਈ ਫ਼ਰਕ ਨਹੀਂ ਪੈਂਦਾ। ਤਲਵਾੜ ਨੇ ਕਿਹਾ ਕਿ ਅੱਜ ਵੀ ਕਾਂਗਰਸ ਪਾਰਟੀ ਤੇ ਪੰਜਾਬੀ ਸ਼ਹੀਦ ਬੇਅੰਤ ਸਿੰਘ ਦੀ ਕੁਰਬਾਨੀ ਦੀ ਕਦਰ ਕਰਦੇ ਹਨ ਪਰ ਬਿੱਟੂ ਨੂੰ ਜਿਸ ਪਾਰਟੀ ਨੇ ਪਹਿਲਾਂ ਯੂਥ ਕਾਂਗਰਸ ਦਾ ਪ੍ਰਧਾਨ ਫ਼ੇਰ ਸ੍ਰੀ ਅਨੰਦਪੁਰ ਸਾਹਿਬ ਤੋਂ ਟਿਕਟ ਦੇ ਕੇ ਲੋਕ ਸਭਾ ਮੈਂਬਰ ਅਤੇ ਦੋ ਵਾਰ ਲੁਧਿਆਣਾ ਤੋਂ ਟਿਕਟ ਦੇ ਕੇ ਲੋਕ ਸਭਾ ਮੈਂਬਰ ਬਣਾਇਆ, ਅੱਜ ਉਸ ਪਾਰਟੀ ਨੂੰ ਛੱਡਣਾ ਚੰਗਾ ਨਹੀਂ। ਉਨ੍ਹਾਂ ਕਿਹਾ ਕਿ ਬਿੱਟੂ ਦੇ ਜਾਣ ਨਾਲ ਉਨ੍ਹਾਂ ਨੂੰ ਨਿੱਜੀ ਤੌਰ ’ਤੇ ਵੀ ਧੱਕਾ ਲੱਗਾ ਹੈ। ਇਸ ਮੌਕੇ ਵਿਨੈ ਵਰਮਾ, ਕੰਵਲਜੀਤ ਸਿੰਘ ਬੌਬੀ,ਕਪਿਲ ਮਹਿਤਾ ਆਦਿ ਹਾਜ਼ਰ ਸਨ।
25 ਜਨਵਰੀ 2024 – ਪਿੰਡ ਨੂਰਪੁਰ ਬੇਟ ਵਿਖੇ ਕਾਰਕਸ ਪਲਾਂਟ ਨੂੰ ਜਿੰਦਰਾ
27 ਫਰਵਰੀ 2024 – ਕਾਂਗਰਸ ਲੀਡਰਸ਼ਿਪ ਦੇ ਨਾਲ ਨਗਰ ਨਿਗਮ ਲੁਧਿਆਣਾ ਦੇ ਜ਼ੋਨ ਏ ਦੇ ਦਫ਼ਤਰ ਨੂੰ ਤਾਲਾ ਲਗਾਇਆ
05 ਮਾਰਚ 2024 – ਬਿੱਟੂ ਨੇ ਭਾਰਤ ਭੂਸ਼ਣ ਆਸ਼ੂ, ਸੰਜੇ ਤਲਵਾੜਾ ਤੇ ਹੋਰਨਾਂ ਕਾਂਗਰਸੀਆਂ ਨਾਲ ਗਿ੍ਰਫ਼ਤਾਰੀ ਦਿੱਤੀ
06 ਮਾਰਚ 2024 – ਬਿੱਟੂ ਤੇ ਹੋਰਨਾਂ ਸਾਥੀਆਂ ਨੂੰ ਪੁਲਿਸ ਵੱਲੋਂ ਰਿਹਾਅ ਕਰ ਦਿੱਤਾ ਗਿਆ
12 ਮਾਰਚ 2024 – ਬਿੱਟੂ ਉਨ੍ਹਾਂ ਦੇ ਸਰਕਾਰੀ ਘਰ ਵਿੱਚ ਪੁਲਿਸ ਨੇ ਨਜ਼ਰਬੰਦ ਕਰ ਲਿਆ
13 ਮਾਰਚ 2024 – ਬਿੱਟੂ ਵੱਲੋਂ ਗੁਰੂ ਨਾਨਕ ਸਟੇਡੀਅਮ ਦੀ ਕਾਇਆਕਲਪ ਦਾ ਉਦਘਾਟਨ
14 ਮਾਰਚ 2024 – ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਖਿਲਾਫ਼ ਮੁਕੱਦਮਾ ਦਰਜ ਕਰਵਾਉਣ ਦੀ ਮੰਗ ਨੂੰ ਲੈ ਕੇ ਨਿਗਮ ਕਮਿਸ਼ਨਰ ਨੂੰ ਮਿਲੇ ਬਿੱਟੂ
15 ਮਾਰਚ 2024 – ਬਿੱਟੂ ਵੱਲੋਂ ਕਮਿਊਨਿਟੀ ਸੈਂਟਰ ਦਾ ਉਦਘਾਟਨ
18 ਮਾਰਚ 2024 – ਬਿੱਟੂ ਵੱਲੋਂ ਵਿਧਾਇਕ ਗੋਗੀ ਖਿਲਾਫ਼ ਪੱਗੜੀ ਬਾਰੇ ਟਿੱਪਣੀ ਕਰਨ ਦਾ ਮੁਕੱਦਮਾ ਦਰਜ ਕਰਨ ਲਈ ਸ਼ਿਕਾਇਤ