ਭਾਈ ਜਸਵੰਤ ਸਿੰਘ ਖਾਲੜਾ ਦੇ ਸ਼ਹੀਦੀ ਦਿਹਾੜੇ ‘ਤੇ ਗਿਆਨੀ ਹਰਪ੍ਰੀਤ ਸਿੰਘ ਨੇ ਦਿਲਜੀਤ ਦੁਸਾਂਝ ਵੱਲੋਂ ਬਣਾਈ ਫ਼ਿਲਮ ਤੁਰੰਤ ਰਿਲੀਜ਼ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਆਪਣੇ ਸ਼ੋਸ਼ਲ ਮੀਡੀਆ ’ਤੇੇ ਟਵੀਟ ਕਰਕੇ ਲਿਖਿਆ ਹੈ ਕਿ ‘‘ਭਾਈ ਜਸਵੰਤ ਸਿੰਘ ਖਾਲੜਾ ਸਿੱਖ ਕੌਮ ਤੇ ਮਨੁੱਖੀ ਅਧਿਕਾਰ ਦੇ ਉਹ ਮਹਾਨ ਯੋਧੇ ਹਨ ਜਿੰਨਾਂ ਮਨੁੱਖੀ ਹੱਕਾਂ ਲਈ ਜ਼ਿੰਦਗੀ ਕੁਰਬਾਨ ਕੀਤੀ। ਅੱਜ ਉਨ੍ਹਾਂ ਦੇ ਸ਼ਹੀਦੀ ਦਿਹਾੜੇ ’ਤੇ ਅਸੀ ਮੰਗ ਕਰਦੇ ਹਾਂ ਕਿ ਉਨ੍ਹਾਂ ਦੀ ਜੀਵਨੀ ’ਤੇ ਜੋ ਪੰਜਾਬ ਤੇ ਪੰਜਾਬੀਅਤ ਦੇ ਮੁਦਈ ਦਿਲਜੀਤ ਦੁਸਾਂਝ ਵੱਲੋਂ ਮੁੱਖ ਕਿਰਦਾਰ ਨਿਭਾ ਕੇ ਬਣਾਈ ਫ਼ਿਲਮ ਨੂੰ ਤੁਰੰਤ ਰਿਲੀਜ਼ ਕੀਤਾ ਜਾਵੇ।’’
ਦੱਸ ਦੇਈਏ ਕਿ ਦਿਲਜੀਤ ਦੁਸਾਂਝ ਦੀ ਫ਼ਿਲਮ ‘ਪੰਜਾਬ 95’ ਕਾਫ਼ੀ ਸਮੇਂ ਤੋਂ ਰਿਲੀਜ਼ ਲਈ ਅਟਕੀ ਪਈ ਹੈ। ਫ਼ਿਲਮ ਵਿੱਚ ਜਸਵੰਤ ਖਾਲੜਾ ਦਾ ਕਿਰਦਾਰ ਦਿਲਜੀਤ ਦੁਸਾਂਝ ਨੇ ਨਿਭਾਇਆ ਹੈ, ਜਦੋਂ ਕਿ ਉਨ੍ਹਾਂ ਤੋਂ ਇਲਾਵਾ ਅਰਜੁਨ ਰਾਮਪਾਲ, ਕਮਲਜੀਤ, ਸੁਵਿੰਦਰ ਵਿੱਕੀ, ਗਿਤੀਕਾ ਵਿਦਿਆ ਵਰਗੇ ਕਈ ਮੰਝੇ ਹੋਏ ਅਦਾਕਾਰ ਸ਼ਾਮਿਲ ਹਨ।
ਕੌਣ ਸੀ ਜਸਵੰਤ ਸਿੰਘ ਖਾਲੜਾ
‘ਪੰਜਾਬ 95’ ਜਸਵੰਤ ਖਾਲੜਾ ਦੇ ਜੀਵਨ ਉਤੇ ਅਧਾਰਿਤ ਹੈ, ਜੋ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ। 1980 ਤੋਂ ਲੈ ਕੇ 1990 ਦੇ ਦਹਾਕੇ ਦੇ ਦੌਰਾਨ ਪੰਜਾਬ ਵਿੱਚੋਂ ਅੱਤਵਾਦ ਦੇ ਦੌਰਾਨ ਹਜ਼ਾਰਾਂ ਸਿੱਖ ਨੌਜਵਾਨਾਂ ਦੀ ਲਾਪਤਾ ਹੋਣ ਵਿਰੁੱਧ ਉਹਨਾਂ ਵੱਲੋਂ ਮੁਹਿਮ ਚਲਾਈ ਗਈ ਸੀ, ਜਿਸ ਵਿੱਚ ਉਨ੍ਹਾਂ ਨੇ ਜਾਂਚ ਕੀਤੀ ਅਤੇ ਇਹ ਵੀ ਪਾਇਆ ਗਿਆ ਕਿ ਕਥਿਤ ਤੌਰ ਉਤੇ ਪੁਲਿਸ ਵੱਲੋਂ ਕਈ ਝੂਠੇ ਮੁਕਾਬਲੇ ਕਰਵਾਏ ਗਏ।
ਜਸਵੰਤ ਸਿੰਘ ਖਾਲੜਾ ਸਹਿਕਾਰੀ ਬੈਂਕ ਦੇ ਡਾਇਰੈਕਟਰ ਸਨ, ਜਿਸ ਤੋਂ ਬਾਅਦ ਉਹ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਬਣੇ। ਪੰਜਾਬ ਦੇ ਵਿੱਚ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਜਿਸ ਤਰ੍ਹਾਂ ਦਾ ਪੰਜਾਬ ਵਿੱਚ ਮਾਹੌਲ ਬਣਿਆ ਜਸਵੰਤ ਸਿੰਘ ਖਾਲੜਾ ਅਣਪਛਾਤੀਆਂ ਲਾਸ਼ਾਂ ਤੋਂ ਪਰਦਾ ਚੁੱਕ ਰਹੇ ਸਨ। ਪਰ ਇੱਕ ਦਿਨ ਅਚਾਨਕ ਉਹ ਆਪਣੇ ਘਰ ਤੋਂ ਗਾਇਬ ਹੋ ਗਏ। ਪੁਲਿਸ ਸ਼ੱਕ ਦੇ ਘੇਰੇ ਵਿੱਚ ਰਹੀ।
ਫ਼ਿਲਮ ਉਤੇ ਲੱਗੇ ਬਹੁਤ ਸਾਰੇ ਕੱਟ
ਫਿਲਮ ਨੂੰ ਲੈ ਕੇ ਪਹਿਲਾਂ ਤੋਂ ਹੀ ਵਿਵਾਦ ਜੁੜਿਆ ਹੋਇਆ ਸੀ ਅਤੇ ‘ਪੰਜਾਬ 95’ ਦੀ ਨਿੱਜੀ ਤੌਰ ਉਤੇ ਸਕ੍ਰੀਨਿੰਗ ਵੀ ਕਰਵਾਈ ਗਈ, ਜਿਸ ਵਿੱਚ ਡਾਇਰੈਕਟਰ ਹਨੀ ਤ੍ਰੇਹਨ ਨੇ ਫਿਲਮ ਰਿਲੀਜ਼ ਨਾ ਹੋਣ ਬਾਰੇ ਗੱਲਬਾਤ ਕੀਤੀ, ਜਿਸ ਵਿੱਚ ਉਨ੍ਹਾਂ ਨੇ ਜ਼ਿਕਰ ਕੀਤਾ ਕਿ ਸ਼ੁਰੂ-ਸ਼ੁਰੂ ਵਿੱਚ ਹੀ 21 ਕੱਟ, ਉਸ ਤੋਂ ਬਾਅਦ ਸੈਂਸਰ ਬੋਰਡ ਚਾਹੁੰਦਾ ਸੀ ਕਿ ਫ਼ਿਲਮ ਦਾ ਨਾਂਅ ਬਦਲਿਆ ਜਾਵੇ ਇੱਥੋਂ ਤੱਕ ਕਿ ਫ਼ਿਲਮ ਸੱਚੀ ਘਟਨਾਵਾਂ ਉਤੇ ਅਧਾਰਿਤ ਹੈ ਇਹ ਵੀ ਹਟਾਇਆ ਜਾਵੇ। ਬੰਬੇ ਹਾਈਕੋਰਟ ਵਿੱਚ ਇਸ ਫ਼ਿਲਮ ਨੂੰ ਲੈ ਕੇ 2023 ’ਚ ਸੁਣਵਾਈ ਉਸ ਸਮੇਂ ਤੋਂ ਫ਼ਿਲਮ ਲਟਕੀ ਹੋਈ ਹੈ। 2024 ਤੱਕ ਸੈਂਸਰ ਬੋਰਡ ਵੱਲੋਂ ਇਸ ਫਿਲਮ ਨੂੰ ਵਿਚਾਰ ਵਿੱਚ ਰੱਖਿਆ ਗਿਆ।
ਜ਼ਿਕਰਯੋਗ ਹੈ ਕਿ 2025 ਦੀ ਸ਼ੁਰੂਆਤ ‘ਚ ਮੰਨਿਆ ਜਾ ਰਿਹਾ ਸੀ ਕਿ ਫ਼ਿਲਮ ਰਿਲੀਜ਼ ਹੋ ਜਾਵੇਗੀ। 18 ਜਨਵਰੀ 2025 ਵਿੱਚ ਦਿਲਜੀਤ ਦੁਸਾਂਝ ਵੱਲੋਂ ਖੁਦ ਆਪਣੇ ਸੋਸ਼ਲ ਮੀਡੀਆ ਅਕਾਉਂਟ ਉਤੇ ਪੋਸਟ ਪਾਈ ਗਈ ਸੀ ਕਿ ‘ਪੰਜਾਬ 95’ ਫਰਵਰੀ ਦੇ ਵਿੱਚ ਸਿਰਫ਼ ਕੌਮਾਂਤਰੀ ਮੁਲਕਾਂ ਦੇ ਵਿੱਚ ਰਿਲੀਜ਼ ਹੋਵੇਗੀ। ਪ੍ਰੰਤੂ ਅਜੇ ਤੱਕ ਫ਼ਿਲਮ ਰਿਲੀਜ਼ ਨਹੀਂ ਕੀਤੀ ਗਈ।