ਬੰਗਲਾ ਦੇਸ਼ : ਬੰਗਲਾ ਦੇਸ਼ ’ਚ ਵਿਰੋਧ ਪ੍ਰਦਰਸ਼ਨ ਲਗਾਤਰ ਜਾਰੀ ਹੈ। ਹਿੰਸਾ ਦੇ ਕਾਰਨ ਸਕੂਲ, ਕਾਲਜ, ਦਫ਼ਤਰਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਵਿਰੋਧ ਪ੍ਰਦਰਸ਼ਨ ਨੂੰ ਦੇਖਦੇ ਹੋਏ ਭਾਰਤੀ ਹਾਈ ਕਮਿਸ਼ਨ ਚੌਕਸ ਹੋ ਗਿਆ ਹੈ। ਢਾਕਾ ਵਿਚ ਭਾਰਤੀ ਹਾਈ ਕਮਿਸ਼ਨ ਨੇ ਬੰਗਲਾਦੇਸ਼ ਵਿਚ ਰਹਿ ਰਹੇ ਭਾਰਤੀ ਨਾਗਰਿਕਾਂ ਅਤੇ ਵਿਦਿਆਰਥੀਆਂ ਲਈ ਜ਼ਰੂਰੀ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਉਹ ਦੇਸ਼ ਵਿਚ ਵਧਦੀ ਅਸ਼ਾਂਤੀ ਕਾਰਨ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਅਤੇ ਆਪਣੇ ਘਰਾਂ ਤੋਂ ਬਾਹਰ ਘੱਟ ਨਿਕਲਣ।
ਬੰਗਲਾਦੇਸ਼ ਸਰਕਾਰ ਵੱਲੋਂ ਸਾਰੀਆਂ ਜਨਤਕ ਅਤੇ ਨਿੱਜੀ ਯੂਨੀਵਰਸਿਟੀਆਂ ਨੂੰ ਬੰਦ ਕਰਨ ਦੇ ਫ਼ੈਸਲੇ ਤੋਂ ਬਾਅਦ, ਢਾਕਾ ਵਿੱਚ ਵਿਦਿਆਰਥੀਆਂ ਅਤੇ ਪੁਲਿਸ ਵਿਚਕਾਰ ਹਾਲ ਹੀ ਵਿਚ ਹੋਈਆਂ ਹਿੰਸਕ ਝੜਪਾਂ ਦੇ ਜਵਾਬ ਵਿਚ ਇਹ ਸਲਾਹ ਜਾਰੀ ਕੀਤੀ ਗਈ ਹੈ।
ਵੀਰਵਾਰ ਨੂੰ ਢਾਕਾ ਦੇ ਵੱਖ-ਵੱਖ ਸਥਾਨਾਂ ‘ਤੇ ਵਿਦਿਆਰਥੀਆਂ ਦੀ ਕਾਨੂੰਨ ਲਾਗੂ ਕਰਨ ਵਾਲਿਆਂ ਨਾਲ ਝੜਪ ਹੋਣ ਕਾਰਨ ਵਿਰੋਧ ਪ੍ਰਦਰਸ਼ਨ ਤੇਜ਼ ਹੋ ਗਿਆ। ਬਰੈਕ ਯੂਨੀਵਰਸਿਟੀ ਨੇੜੇ ਮੇਰੁਲ ਬੱਡਾ ਵਿੱਚ ਪ੍ਰਦਰਸ਼ਨਕਾਰੀਆਂ ਨੇ ਸੜਕਾਂ ਨੂੰ ਜਾਮ ਕਰ ਦਿੱਤਾ ਅਤੇ ਪੁਲਿਸ ਨਾਲ ਹਿੰਸਕ ਟਕਰਾਅ ਵਿਚ ਸ਼ਾਮਲ ਹੋ ਗਏ, ਨਤੀਜੇ ਵਜੋਂ ਕਈ ਲੋਕ ਜ਼ਖਮੀ ਹੋਏ।
ਇਸ ਤੋਂ ਪਹਿਲਾਂ ਵੱਖ-ਵੱਖ ਥਾਵਾਂ ‘ਤੇ ਹਿੰਸਕ ਝੜਪਾਂ ‘ਚ 6 ਲੋਕਾਂ ਦੀ ਜਾਨ ਚਲੀ ਗਈ ਸੀ। ਅੱਜ ਯਾਨੀ ਵੀਰਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਦੇਸ਼ ਵਿਆਪੀ ਬੰਦ ਦਾ ਐਲਾਨ ਕੀਤਾ ਹੈ। ਨਾਲ ਹੀ ਸਾਰੀਆਂ ਯੂਨੀਵਰਸਿਟੀਆਂ ਨੂੰ ਅਣਮਿੱਥੇ ਸਮੇਂ ਲਈ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਤਲਾਂ ਦੀ ਨਿਆਂਇਕ ਜਾਂਚ ਦਾ ਐਲਾਨ ਕੀਤਾ ਹੈ। ਢਾਕਾ ਦੀ ਰਿਪੋਰਟ ਮੁਤਾਬਕ ਇਹ ਵਿਰੋਧ ਪ੍ਰਦਰਸ਼ਨ ਪੁਲਿਸ ਦੀ ਬੇਰਹਿਮੀ ਦੇ ਜਵਾਬ ’ਚ ਸ਼ੁਰੂ ਹੋਇਆ ਸੀ ਅਤੇ ਪਿਛਲੇ ਪ੍ਰਦਰਸ਼ਨਾਂ ਵਿਚ ਜ਼ਖ਼ਮੀ ਜਾਂ ਮਾਰੇ ਗਏ ਲੋਕਾਂ ਲਈ ਨਿਆਂ ਦੀ ਇੱਕ ਵਿਆਪਕ ਮੰਗ ਦੇ ਨਾਲ-ਨਾਲ ਹਿੰਸਾ ਮੁਕਤ ਕੈਂਪਸ ਅਤੇ ਕੋਟਾ ਪ੍ਰਣਾਲੀ ਦੇ ਤਰਕਸੰਗਤ ਸੁਧਾਰ ਦੀ ਮੰਗ ਵਿਚ ਵਿਕਸਤ ਹੋਇਆ।
ਹਿੰਸਾ ਕਿਉਂ ਹੋ ਰਹੀ ਹੈ ?
ਬੰਗਲਾਦੇਸ਼ ਵਿਚ 1971 ਦੀ ਬੰਗਲਾਦੇਸ਼ ਦੀ ਆਜ਼ਾਦੀ ਦੀ ਲੜਾਈ ’ਚ ਸ਼ਾਮਲ ਲੋਕਾਂ ਦੇ ਪਰਿਵਾਰਕ ਮੈਂਬਰਾਂ ਲਈ ਸਰਕਾਰੀ ਨੌਕਰੀਆਂ ਵਿਚ ਰਾਖਵਾਂਕਰਨ ਖ਼ਤਮ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਹਾਲਾਂਕਿ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਰਾਖਵਾਂਕਰਨ ਖ਼ਤਮ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਇਸ ਕਾਰਨ ਉੱਥੇ ਪ੍ਰਦਰਸ਼ਨ ਤੇਜ਼ ਹੋ ਗਏ।
ਭਾਰਤੀ ਨਾਗਰਿਕਾਂ ਅਤੇ ਵਿਦਿਆਰਥੀਆਂ ਲਈ ਐਮਰਜੈਂਸੀ ਨੰਬਰ ਜਾਰੀ
ਅਸਥਿਰ ਸਥਿਤੀ ਦੇ ਮੱਦੇਨਜ਼ਰ ਢਾਕਾ ’ਚ ਭਾਰਤੀ ਹਾਈ ਕਮਿਸ਼ਨ ਅਤੇ ਚਟਗਾਉਂ, ਸਿਲਹਟ ਅਤੇ ਖੁਲਨਾ ਵਿਚ ਭਾਰਤੀ ਸਹਾਇਕ ਹਾਈ ਕਮਿਸ਼ਨਾਂ ਨੇ ਭਾਰਤੀ ਨਾਗਰਿਕਾਂ ਅਤੇ ਵਿਦਿਆਰਥੀਆਂ ਲਈ 24 ਘੰਟੇ ਐਮਰਜੈਂਸੀ ਸੰਪਰਕ ਨੰਬਰ ਸਥਾਪਤ ਕੀਤੇ ਹਨ, ਜਿਨ੍ਹਾਂ ਨੂੰ ਸਹਾਇਤਾ ਦੀ ਲੋੜ ਹੈ:
ਭਾਰਤੀ ਹਾਈ ਕਮਿਸ਼ਨ, ਢਾਕਾ : +880-1937400591 (ਵਟਸਐਪ ‘ਤੇ ਵੀ)
ਅਸਿਸਟੈਂਟ ਹਾਈ ਕਮਿਸ਼ਨ ਆਫ਼ ਇੰਡੀਆ, ਚਟਗਾਉਂ: +880-1814654797 / +880-1814654799 (ਵਟਸਐਪ ‘ਤੇ ਵੀ)
ਅਸਿਸਟੈਂਟ ਹਾਈ ਕਮਿਸ਼ਨ ਆਫ਼ ਇੰਡੀਆ, ਸਿਲਹਟ: +880-1313076411 (ਵਟਸਐਪ ‘ਤੇ ਵੀ)
ਭਾਰਤ ਦਾ ਹਾਈ ਕਮਿਸ਼ਨ, ਖੁਲਨਾ: +880-1812817799 (WhatsApp ‘ਤੇ ਵੀ) ਸੰਪਰਕ ਕਰ ਸਕਦੇ ਹਨ।