ਅੰਮ੍ਰਿਤਸਰ : ਪਿਛਲੇ ਕੁਝ ਦਿਨਾਂ ਤੋਂ ਸ੍ਰੀ ਦਰਬਾਰ ਅੰਮ੍ਰਿਤਸਰ ਵਿਚ ਸ਼ਰਾਰਤੀ ਅਨਸਰਾਂ ਵਲੋਂ ਆਰਡੀਐਸ ਲਗਾਉਣ ਦੀਆਂ ਈ-ਮੇਲ ਰਾਹੀਂ ਧਮਕੀਆਂ ਮਿਲ ਰਹੀਆਂ ਹਨ। ਅੱਜ ਤੀਜੀ ਵਾਰ ਅਜਿਹੀ ਧਮਕੀ ਮਿਲੀ ਹੈ, ਭਾਵੇਂ ਬੀਐਸਐਫ਼ ਦੇ ਜਵਾਨ ਲਗਾਤਾਰ ਜਾਂਚ ਕਰ ਰਹੇ ਹਨ ਅਤੇ ਪੁਲਿਸ ਕਰਮਚਾਰੀ ਤੇ ਟਾਸਕ ਫ਼ੋਰਸ ਦੇ ਮੁਲਜ਼ਮ ਸਥਿਤੀ ’ਤੇ ਲਗਾਤਾਰ ਨਜ਼ਰ ਰੱਖ ਰਹੇ ਹਨ। ਅੱਜ ਇਸੇ ਸਬੰਧ ਵਿਚ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਅਤੇ ਕਿਹਾ ਕਿ ਸ਼ਰਾਰਤੀ ਅਨਸਰਾਂ ਵਲੋਂ ਲਗਾਤਾਰ ਕੌਝੀਆ ਹਰਕਤਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸੰਗਤ ਨੂੰ ਡਰਾਉਣ ਦੀ ਇੱਕ ਕੋਸ਼ਿਸ਼ ਹੈ ਜੋ ਕਿ ਸਫ਼ਲ ਨਹੀਂ ਹੋਣ ਦਿੱਤੀ ਜਾਵੇਗੀ।
ਧਾਮੀ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਲੋਕ ਜਾਅਲੀ ਆਈਡੀਜ਼ ਬਣਾ ਕੇ ਸੋਸ਼ਲ ਮੀਡੀਆ ’ਤੇ ਸ੍ਰੀ ਦਰਬਾਰ ਸਾਹਿਬ ਬਾਰੇ ਊਲ ਜਲੂਲ ਲਿਖਦੇ ਰਹਿੰਦੇ ਹਨ,ਜਿਸ ਦੀ ਕਈ ਵਾਰ ਪ੍ਰਾਸ਼ਸਨ ਨੂੰ ਸ਼ਿਕਾਇਤ ਕੀਤੀ ਪਰ ਕੋਈ ਐਕਸ਼ਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਸ ਦੀ ਇਤਲਾਹ ਕੇਂਦਰ ਸਰਕਾਰ ਨੂੰ ਵੀ ਦਿੱਤੀ ਗਈ ਸੀ ਪਰ ਉਥੋਂ ਵੀ ਕੋਈ ਹਾਂ ਪੱਖੀ ਹੁੰਗਾਰਾ ਨਹੀਂ ਮਿਲਿਆ । ਇਸ ਲਈ ਸਰਕਾਰਾਂ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਸ਼ਰਾਰਤੀ ਅਨਸਰਾਂ ਦਾ ਚਿਹਰਾ ਸੰਗਤਾਂ ਸਾਹਮਣੇ ਲਿਆਉਣਾ ਚਾਹੀਦਾ ਹੈ। ਇਸ ਮੌਕੇ ਬੇਅਦਬੀ ਕਾਨੂੰਨ ’ਤੇ ਬੋਲਦੇ ਹੋਏ ਧਾਮੀ ਨੇ ਕਿਹਾ ਕਿ ਖਰੜੇ ਵਿਚ ਲਫ਼ਜ਼ਾਂ ਦੇ ਹੇਰ-ਫ਼ੇਰ ਨੂੰ ਦਰੁਸਤ ਕਰਨਾ ਚਾਹੀਦਾ ਹੈ। ਕਿਉਂਕਿ ਖਰੜੇ ਵਿਚ ਗੁਰੂ ਗ੍ਰੰਥ ਸਾਹਿਬ ਨੂੰ ਜੀਵਤ ਗੁਰੂ ਨਹੀਂ ਲਿਖਿਆ ਗਿਆ। ਜਦ ਕਿ ਗੁਰੂ ਗ੍ਰੰਥ ਸਾਹਿਬ ਜੀਵਤ ਗੁਰੂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਕਾਨੂੰਨ ਬਣਾਉਣ ਸਮੇਂ ਸ਼੍ਰੋਮਣੀ ਕਮੇਟੀ ਦੀ ਸਲਾਹ ਨੂੰ ਲਾਜ਼ਮੀ ਬਣਾਇਆ ਜਾਵੇ ਅਤੇ ਹੋਰ ਧਾਰਮਿਕ ਸੰਸਥਾਵਾਂ ਤੋਂ ਸਲਾਹ ਵੀ ਜ਼ਰੂਰ ਲਈ ਜਾਵੇ।