ਬਾਰਾਂਦਰੀ ਬਾਗ਼ ਦੇ 12 ਦਰਵਾਜ਼ਿਆਂ ’ਚੋਂ ਖੁੱਲ੍ਹ ਰਿਹੈ ਇਕ ਦਰਵਾਜ਼ਾ, ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਨਾਲ ਹੈ ਸੰਬੰਧਤ

Share on facebook
Facebook
Share on twitter
Twitter
Share on whatsapp
WhatsApp
Share on pinterest
Pinterest
Share on linkedin
LinkedIn

 ਨਵਾਂਸ਼ਹਿਰ: ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ 1807 ਦੌਰਾਨ ਸਥਾਪਿਤ ਕੀਤਾ ਗਿਆ 12 ਦਰਵਾਜ਼ਿਆਂ ਵਾਲਾ ਬਾਰਾਂਦਰੀ ਬਾਗ਼ ਜਿੱਥੇ ਰਹਿ ਕੇ ਸਿਆਸਤ ਦਾ ਸਾਰਾ ਕੰਮ ਕਾਜ ਸੰਭਾਲਿਆ ਸੀ ਤੇ ਆਪਣੀ ਆਰਾਮ ਗਾਹ ਵਜੋਂ ਮਾਨਤਾ ਦਿੱਤੀ ਸੀ। ਇੱਥੇ ਮਹਾਰਾਜਾ ਰਣਜੀਤ ਸਿੰਘ ਆਪਣੀ ਫ਼ੌਜ ਦੀ ਟੁਕੜੀ ਨਾਲ ਰਹਿੰਦੇ ਸਨ। ਕਾਂਗਰਸ ਤੇ ਅਕਾਲੀ-ਭਾਜਪਾ ਸਰਕਾਰ ਦੇ ਸ਼ਾਸਨ ਕਾਲ ’ਚ ਅਣਦੇਖੀ ਦਾ ਸ਼ਿਕਾਰ ਹੋਣ ਕਾਰਨ ਆਪਣੀ ਪਛਾਣ ਗੁਆ ਰਿਹਾ ਹੈ। ਬਾਰਾਂਦਰੀ ਦੇ 12 ਦਰਵਾਜ਼ਿਆਂ ’ਚੋਂ ਇਕ ਮੇਨ ਦਰਵਾਜ਼ੇ ਨੂੰ ਛੱਡ ਕੇ ਬਾਕੀ ਸਾਰੇ ਦਰਵਾਜ਼ੇ ਬੰਦ ਹੋ ਗਏ ਹਨ। ਇਨ੍ਹਾਂ ਦਰਵਾਜ਼ਿਆਂ ਦੇ ਅੱਗੇ ਲੋਕਾਂ ਵੱਲੋਂ ਨਾਜਾਇਜ਼ ਕਬਜ਼ੇ ਕਰ ਕੇ ਆਪਣੇ ਮਕਾਨ ਤੇ ਦੁਕਾਨਾਂ ਬਣਾ ਲਏ ਗਏ ਹਨ। ਜਿਸ ਕਾਰਨ ਹੁਣ ਇਨ੍ਹਾਂ ਦਰਵਾਜ਼ਿਆਂ ਨੂੰ ਖੋਲ੍ਹਣਾ ਵੀ ਔਖਾ ਹੋ ਗਿਆ ਹੈ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਜਥੇ. ਰਮਨਦੀਪ ਸਿੰਘ ਥਿਆੜਾ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ, ਸਾਬਕਾ ਵਿਧਾਇਕ ਅੰਗਦ ਸਿੰਘ, ਨਗਰ ਕੌਂਸਲ ਪ੍ਰਧਾਨ ਸਚਿਨ ਦੀਵਾਨ ਤੇ ਸਥਾਨਕ ਲੋਕਾਂ ਨੇ ਮੰਗ ਕੀਤੀ ਕਿ ਨਵਾਂਸ਼ਹਿਰ ਦੇ ਦਿਲ ਵਜੋਂ ਮੰਨੇ ਜਾਂਦੇ ਬਾਰਾਂਦਰੀ ਬਾਗ਼ ਦਾ ਕਾਇਆਕਲਪ ਕਰਨ ਅਤੇ ਸਾਰੇ ਦਰਵਾਜ਼ਿਆਂ ਨੂੰ ਦੁਬਾਰਾ ਖੋਲ੍ਹ ਕੇ ਪੁਰਾਤਨ ਰੂਪ ਦੇਣ ਦੇ ਯੋਗ ਉਪਰਾਲੇ ਕੀਤੇ ਜਾਣ। ਇਸੇ ਤਰ੍ਹਾਂ ਬਾਰਾਂਦਰੀ ਬਾਗ਼ ’ਚ ਰਹਿੰਦੇ ਅਧੂਰੇ ਕੰਮਾਂ ਨੂੰ ਪੂਰੀ ਪਾਰਦਰਸ਼ਿਤਾ ਨਾਲ ਪੂਰਾ ਕਰਵਾ ਕੇ ਲੋਕਾਂ ਨੂੰ ਬਣਦੀਆਂ ਸਹੂਲਤਾਂ ਦੇਣ ਦੇ ਯੋਗ ਉਪਰਾਲੇ ਕੀਤੇ ਜਾਣ।

ਡੀਸੀ ਕ੍ਰਿਸ਼ਨ ਕੁਮਾਰ ਨੇ ਬਾਰਾਂਦਰੀ ਬਾਗ਼ ਨੂੰ ਦਿੱਤਾ ਸੀ ਨਵਾਂ ਰੂਪ

ਬਾਰਾਂਦਰੀ ਬਾਗ਼ ਦਾ ਕਾਇਆ ਕਲਪ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸਮੇਂ ਤਤਕਾਲੀ ਡੀਸੀ ਕ੍ਰਿਸ਼ਨ ਕੁਮਾਰ ਵੱਲੋਂ ਕੀਤੇ ਉਪਰਾਲੇ ਅੱਜ ਵੀ ਲੋਕਾਂ ਦੇ ਮਨਾਂ ’ਤੇ ਛਾਪ ਛੱਡ ਗਏ ਹਨ। ਇਲਾਕੇ ਦੇ ਲੋਕਾਂ ਖ਼ਾਸਕਰ ਬਜ਼ੁਰਗਾਂ, ਮਹਿਲਾਵਾਂ ਤੇ ਬੱਚਿਆਂ ਦੀ ਮੰਗ ਨੂੰ ਦੇਖਦੇ ਹੋਏ ਤਤਕਾਲੀ ਡੀਸੀ ਵੱਲੋਂ ਸੈਰ ਲਈ ਸੁੰਦਰ ਟ੍ਰੈਕ, ਫੁਹਾਰੇ, ਲਾਈਟਿੰਗ ਦੇ ਸੁਚੱਜੇ ਪ੍ਰਬੰਧਾਂ ਦੇ ਨਾਲ-ਨਾਲ ਮਿਊਜ਼ਿਕ ਸਿਸਟਮ ਵੀ ਸਥਾਪਤ ਕੀਤਾ ਗਿਆ ਸੀ। ਇਸੇ ਤਰ੍ਹਾਂ ਬੱਚਿਆਂ ਦੇ ਖੇਡਣ ਲਈ ਝੂਲੇ, ਲਾਇਬੇ੍ਰਰੀ, ਮੀਟਿੰਗਾਂ ਲਈ ਇਕ ਵੱਡਾ ਹਾਲ ਤੇ ਹੋਰ ਸਾਜੋ ਸਾਮਾਨ ਲਗਾਉਣ ਦਾ ਉਪਰਾਲਾ ਕੀਤਾ ਸੀ। ਬਾਰਾਂਦਰੀ ਬਾਗ਼ ’ਚ ਸਫ਼ਾਈ ਦੇ ਪੁਖ਼ਤਾ ਪ੍ਰਬੰਧਾਂ ਕਾਰਨ ਲੋਕ ਚੰਡੀਗੜ੍ਹ, ਜਲੰਧਰ, ਦਿੱਲੀ ਵਰਗੇ ਵੱਡੇ ਮਹਾਨਗਰਾਂ ਵਿਚ ਜਾਣ ਦੀ ਥਾਂ ਬਾਰਾਂਦਰੀ ਬਾਗ਼ ਵਿਖੇ ਆਉਣਾ ਪਸੰਦ ਕਰਦੇ ਸਨ। ਪਰ ਡੀਸੀ ਕ੍ਰਿਸ਼ਨ ਕੁਮਾਰ ਦੇ ਤਬਾਦਲੇ ਤੋਂ ਬਾਅਦ ਬਾਰਾਂਦਰੀ ਬਾਗ਼ ਵਿਚ ਲਗੇ ਫੁਹਾਰਿਆਂ, ਲਾਈਟਿੰਗ ਦਾ ਸਾਮਾਨ, ਬਾਥਰੂਮਾਂ ’ਚੋਂ ਟੂਟੀਆਂ ਤੇ ਹੋਰ ਸਾਮਾਨ ਦੇ ਚੋਰੀ ਹੋਣ ਕਾਰਨ ਲੋਕਾਂ ’ਚ ਮਾਯੂਸੀ ਛਾ ਗਈ ਸੀ। ਲੋਕਾਂ ਦੀ ਮੰਗ ਹੈ ਕਿ ਇਸਦੇ ਨਾਲ-ਨਾਲ ਬਾਰਾਂਦਰੀ ਪਾਰਕ ਦੇ ਟੁੱਟੇ ਝੂਲੇ, ਬੰਦ ਪਏ ਫੁਹਾਰਿਆਂ ਤੇ ਹੋਰਨਾਂ ਪ੍ਰਬੰਧਾਂ ਨੂੰ ਵੀ ਇਕ ਵਾਰ ਫਿਰ ਸੁਚੱਜੇ ਢੰਗ ਨਾਲ ਪੂਰਾ ਕਰਵਾਇਆ ਜਾਵੇ ਤੇ ਬਾਰਾਂਦਰੀ ਪਾਰਕ ਦੀ ਸੁਰੱਖਿਆ ਦੇ ਵੀ ਪੁਖ਼ਤਾ ਇੰਤਜ਼ਾਮ ਕੀਤੇ ਜਾਣ।

ਅਕਾਲੀ-ਭਾਜਪਾ ਸਰਕਾਰ ਨੇ 1.12 ਕਰੋੜ ਦੀ ਲਾਗਤ ਨਾਲ ਕਾਇਆ-ਕਲਪ ਦਾ ਕੰਮ ਕੀਤਾ ਸੀ ਸ਼ੁਰੂ

2016 ’ਚ ਅਕਾਲੀ-ਭਾਜਪਾ ਸਰਕਾਰ ਦੇ ਕਾਰਜ ਕਾਲ ’ਚ ਪੁਰਾਤਤਵ ਵਿਭਾਗ ਨੂੰ ਮਹਾਰਾਜਾ ਰਣਜੀਤ ਸਿੰਘ ਨਾਲ ਜੁੜੀਆਂ ਯਾਦਾਂ ਨੂੰ ਤਾਜ਼ਾ ਰੱਖਣ ਲਈ ਤੇ ਬਾਰਾਂਦਰੀ ਬਾਗ਼ ਦੀ ਮਾੜੀ ਹਾਲਤ ’ਚ ਸੁਧਾਰ ਲਿਆਉਣ ਲਈ ਬਾਰਾਂਦਰੀ ਬਾਗ਼ ਦੀਆਂ ਪੁਰਾਣੀਆਂ ਇਮਾਰਤਾਂ ਨੂੰ ਨਵਾਂ ਰੂਪ ਦੇਣ ਦਾ ਕੰਮ ਰਾਜਪੁਤਾਨਾ ਕੰਸਟ੍ਰਕਸ਼ਨ ਕੰਪਨੀ ਨੂੰ ਦਿੱਤਾ ਗਿਆ ਸੀ। ਇਸ ਕੰਮ ਨੂੰ ਕਰੀਬ 1.12 ਕਰੋੜ ਦੀ ਲਾਗਤ ਨਾਲ ਪੂਰਾ ਕੀਤਾ ਜਾਣਾ ਸੀ ਪਰ ਇਸ ਕੰਮ ਨੂੰ ਸ਼ੁਰੂ ਕਰਵਾਉਣ ਤੋਂ ਬਾਅਦ ਸੱਤਾ ’ਚ ਆਈ ਕਾਂਗਰਸ ਸਰਕਾਰ ਦੀ ਅਣਦੇਖੀ ਕਾਰਨ ਇਹ ਕੰਮ 40 ਫ਼ੀਸਦੀ ਤੱਕ ਮੁਕੰਮਲ ਹੋ ਸਕਿਆ। ਲੋਕਾਂ ਦਾ ਮੰਨਣਾ ਹੈ ਕਿ ਜੇਕਰ ਇਸੇ ਚਾਲ ਨਾਲ ਕੰਮ ਚਲਦਾ ਰਿਹਾ ਤਾਂ ਇਹ ਕੰਮ ਆਉਣ ਵਾਲੇ ਸਾਲਾਂ ਵਿਚ ਵੀ ਪੂਰਾ ਨਹੀਂ ਹੋ ਸਕੇਗਾ। ਜਦਕਿ ਕਾਂਗਰਸ ਸਰਕਾਰ ਸਮੇਂ ਤਤਕਾਲੀ ਵਿਧਾਇਕ ਅੰਗਦ ਸਿੰਘ ਵੱਲੋਂ ਵੀ ਬਾਰਾਂਦਰੀ ਬਾਗ਼ ਦੇ ਕੰਮ ਨੂੰ ਸਮੇਂ ਸਿਰ ਪੂਰਾ ਕਰਨ ਦਾ ਵਾਅਦਾ ਲੋਕਾਂ ਨਾਲ ਕੀਤਾ ਜਾ ਰਿਹਾ ਸੀ।

ਬਾਰਾਦਰੀ ਬਾਗ਼ ’ਤੇ ਖ਼ਰਚੇ 1.30 ਕਰੋੜ ਰੁਪਏ ਕਿਸੇ ਅਰਥ ਨਹੀਂ ਆਏ

ਲੋਕਾਂ ਨੇ ਦੱਸਿਆ ਕਿ ਭਾਵੇਂ ਬਾਰਾਂਦਰੀ ਬਾਗ਼ ਦੇ ਕਾਇਆ ਕਲਪ ’ਤੇ 1.12 ਕਰੋੜ ਰੁਪਏ ਖ਼ਰਚੇ ਜਾਣੇ ਸਨ ਪਰ ਉਸ ’ਚੋਂ ਵਾਧਾ ਕਰ ਕੇ 1.30 ਕਰੋੜ ਰੁਪਏ ਖ਼ਰਚੇ ਜਾ ਚੁੱਕੇ ਹਨ ਪਰ ਇਹ ਖ਼ਰਚਾ ਕਿਸੇ ਅਰਥ ਨਹੀਂ ਆਇਆ ਹੈ। ਜਿਸ ਤਰ੍ਹਾਂ ਪੁਰਾਤਤਵ ਵਿਭਾਗ ਵੱਲੋਂ ਬਾਰਾਂਦਰੀ ਬਾਗ਼ ਦੇ ਸੈਂਟਰ ’ਚ ਪੁਰਾਤਨ ਦਿੱਖ ਨੂੰ ਦਰਸਾਉਦੇ ਹਾਲ ਅਤੇ ਉਸ ਵਿਚ ਕੀਤੇ ਨਿਰਮਾਣ ਕਾਰਜ ਨੂੰ ਨਾ ਤਾਂ ਲੋਕਾਂ ਨੂੰ ਦਿਖਾਉਣ ਲਈ ਖੋਲ੍ਹਿਆ ਜਾਣਾ ਸੀ। ਜ਼ਿਕਰਯੋਗ ਹੈ ਕਿ ਪੁਰਾਤਤਵ ਵਿਭਾਗ ਦੇ ਅਫ਼ਸਰਾਂ ਅਨੁਸਾਰ ਪਹਿਲੇ ਪੜਾਅ ’ਚ ਮੁੱਖ ਇਮਾਰਤ, ਦੋ ਗੁੰਬਦ, ਇਕ ਪੁਰਾਤਨ ਗੇਟ ਤੇ ਪਾਣੀ ਦੇ ਪੌਂਡ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ ਸੀ। ਜਿਸ ਦੇ ਤਹਿਤ ਇਸ ਇਮਾਰਤ ਦੇ ਅੰਦਰ ਦੇ ਪਲਾਸਟਰ ਨੂੰ ਕੱਢ ਕੇ ਉਸ ’ਤੇ ਚੂਨਾ ਮਿੱਟੀ ਸਹਿਤ ਪੁਰਾਤਨ ਵਿਧੀ ਨਾਲ ਪਲਾਸਟਰ ਕਰ ਕੇ ਇਸ ਦੀ ਮਜ਼ਬੂਤੀ ਦਾ ਕੰਮ ਕੀਤਾ ਜਾਣਾ ਸੀ। ਜਦਕਿ ਪਿੱਲਰਾਂ, ਛੱਤਾਂ ਤੇ ਦੀਵਾਰਾਂ ’ਤੇ ਵੀ ਮੀਨਾਕਾਰੀ ਤੇ ਆਰਟ ਵਰਕ ਕੀਤਾ ਜਾਣਾ ਸੀ। ਪਰ ਮੁਕੰਮਲ ਕੀਤੇ ਗਏ ਕੰਮ ਨੂੰ ਜਗ ਜ਼ਾਹਿਰ ਕਰਨ ਦੀ ਥਾਂ ਇਸ ਦੇ ਦਰਵਾਜ਼ੇ ਆਮ ਲੋਕਾਂ ਲਈ ਬੰਦ ਕਰ ਦਿੱਤੇ ਗਏ ਹਨ। ਲੋਕਾਂ ਦੀ ਮੰਗ ਹੈ ਕਿ ਇਸ ਹਾਲ ਨੂੰ ਖੋਲ੍ਹਣ ਦੀ ਵਿਵਸਥਾ ਕਰਵਾਈ ਜਾਵੇ ਤੇ ਇਸ ਹਾਲ ਦੀ ਵਰਤੋਂ ਆਮ ਲੋਕਾਂ ਨੂੰ ਕਰਨ ਲਈ ਮਨਜ਼ੂਰੀ ਦਿੱਤੀ ਜਾਵੇ ਤਾਂ ਜੋ ਇਸ ਰਾਹੀਂ ਬਾਰਾਂਦਰੀ ਬਾਗ਼ ਦੀ ਆਮਦਨ ਵਿਚ ਬਣਦਾ ਵਾਧਾ ਕੀਤਾ ਜਾ ਸਕੇ।

ਸਹੂਲਤਾਂ ਨੂੰ ਸਮੇਂ ਦਾ ਹਾਣੀ ਬਣਾਵਾਂਗੇ : ਵਿਧਾਇਕ ਨਛੱਤਰ ਪਾਲ

ਵਿਧਾਇਕ ਨਛੱਤਰ ਪਾਲ ਦਾ ਕਹਿਣਾ ਹੈ ਕਿ ਲੋਕਾਂ ਦੀ ਮੰਗ ਅਨੁਸਾਰ ਤਿਆਰ ਕੀਤੇ ਗਏ ਬਾਰਾਂਦਰੀ ਬਾਗ਼ ਤੇ ਇਥੇ ਦਿੱਤੀਆਂ ਜਾ ਰਹੀਆਂ ਸਾਰੀਆਂ ਸਹੂਲਤਾਂ ਨੂੰ ਸਮੇਂ ਦੇ ਹਾਣੀ ਬਣਾਇਆ ਜਾਵੇਗਾ। ਤਾਂ ਜੋ ਇਲਾਕੇ ਦੇ ਲੋਕ ਬਾਰਾਂਦਰੀ ਬਾਗ਼ ਦੀਆਂ ਸਹੂਲਤਾਂ ਦਾ ਲਾਭ ਲੈ ਸਕਣ।

ਜਲਦੀ ਹੀ ਪੂਰਾ ਕੀਤਾ ਜਾਵੇਗਾ ਕੰਮ : ਐੱਸਡੀਓ ਪੁਰਾਤਤਵ ਵਿਭਾਗ

ਪੁਰਾਤਤਵ ਵਿਭਾਗ ਦੇ ਐੱਸਡੀਓ ਪੇ੍ਰਮ ਸਿੰਘ ਨੇ ਦੱਸਿਆ ਕਿ ਅਕਾਲੀ ਸਰਕਾਰ ਸਮੇਂ 1.12 ਕਰੋੜ ਰੁਪਏ ਨਾਲ ਸ਼ੁਰੂ ਕੀਤੇ ਗਏ ਬਾਰਾਂਦਰੀ ਬਾਗ਼ ਦੀ ਉਸਾਰੀ ਦੇ ਕਾਰਜ ਪੂਰੇ ਹੁੰਦੇ ਨਾ ਦੇਖ ਕੇ ਸਰਕਾਰ ਵੱਲੋਂ ਇਸ ਵਿਚ ਵਾਧਾ ਕਰ ਕੇ ਕੁਲ 1.30 ਕਰੋੜ ਰੁਪਏ ਖ਼ਰਚ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਕੋਰੋਨਾ ਕਾਰਨ ਕਾਰੀਗਰਾਂ ਦੇ ਆਪਣੇ ਸੂਬਿਆਂ ਵਿਚ ਜਾਣ ਕਾਰਨ ਇਹ ਕੰਮ ਕੁਝ ਸਮੇਂ ਲਈ ਪ੍ਰਭਾਵਿਤ ਵੀ ਹੋਇਆ ਸੀ। ਪਰ ਹੁਣ ਇਸ ਨੂੰ ਮੁਕੰਮਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਨੂੰ ਨਵਾਂ ਰੂਪ ਦੇ ਕੇ ਜ਼ਿਲ੍ਹੇ ਦੇ ਲੋਕਾਂ ਨੂੰ ਸੌਂਪ ਦਿੱਤਾ ਜਾਵੇਗਾ।

Related Articles

ਅੱਜ ਦਾ ਮੁੱਖਵਾਕ

ਧਾਰਮਿਕ ਵਿਚਾਰ

ਅੱਜ ਦਾ ਵਿਚਾਰ

ਪੰਜਾਬੀ ਚੁਟਕਲੇ

Best Newspaper

About Us

Prime Uday is a Web Channel with Daily Newspaper in Punjab and other north India Regions.

Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

follow us

Contact Us

+91 94171-36821

© 2026 Prime Uday. All Rights Reserved | Designed by BringBrandOn.