ਬਠਿੰਡਾ ਸੂਟਕੇਸ ਮਰਡਰ ਕਾਂਡ: ਪੁਲਿਸ ਨੇ 48 ਘੰਟਿਆਂ ‘ਚ ਫੜਿਆ ਕਾਤਲ ਪ੍ਰੇਮੀ, ਇੰਝ ਖੁੱਲ੍ਹਿਆ ਰਾਜ਼

Share on facebook
Facebook
Share on twitter
Twitter
Share on whatsapp
WhatsApp
Share on pinterest
Pinterest
Share on linkedin
LinkedIn

ਬਠਿੰਡਾ: ਬਠਿੰਡਾ ਪੁਲਿਸ ਨੇ ਲਾਲ ਸੂਟਕੇਸ ਵਿੱਚ ਮਿਲੀ ਮੁਟਿਆਰ ਦੇ ਕਤਲ ਦੀ ਗੁੱਥੀ ਨੂੰ ਮਹਿਜ਼ 48 ਘੰਟਿਆਂ ਵਿੱਚ ਸੁਲਝਾਉਂਦੇ ਹੋਏ ਉਸ ਦੇ ਪ੍ਰੇਮੀ ਦੋਸਤ ਨੂੰ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕਾ ਦੀ ਪਛਾਣ ਸਪਨਾ ਉਰਫ਼ ਮਲਿਕਾ ਪੁੱਤਰੀ ਸਿਕੰਦਰ ਪਾਲ ਵਾਸੀ ਬਾਘਾ ਪੁਰਾਣਾ (ਜ਼ਿਲ੍ਹਾ ਮੋਗਾ) ਵਜੋਂ ਹੋਈ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਤਲ ਕਿਸੇ ਹੋਰ ਨੇ ਨਹੀਂ, ਸਗੋਂ ਉਸ ਦੇ ਕਰੀਬੀ ਦੋਸਤ ਪ੍ਰਿੰਸ ਕੁਮਾਰ ਵਾਸੀ ਪਿੰਡ ਗੁਲਾਬਗੜ੍ਹ (ਹਾਲ ਵਾਸੀ ਸੁਰਖ਼ਪੀਰ ਰੋਡ, ਬਠਿੰਡਾ) ਨੇ ਕੀਤਾ ਸੀ।

ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਐੱਸਐੱਸਪੀ ਡਾ. ਜਯੋਤੀ ਯਾਦਵ ਨੇ ਦੱਸਿਆ ਕਿ ਬੀਤੀ 11 ਫਰਵਰੀ ਨੂੰ ਦੁਪਹਿਰ ਵੇਲੇ ਬਠਿੰਡਾ-ਮਲੋਟ ਰੋਡ ‘ਤੇ ਸਥਿਤ ਪਿੰਡ ਬਹਿਮਣ ਦੀਵਾਨਾ ਦੇ ਨੇੜੇ ਖੇਤਾਂ ਵਿੱਚੋਂ ਇੱਕ ਲਾਲ ਰੰਗ ਦੇ ਸੂਟਕੇਸ ਵਿੱਚ ਅਣਪਛਾਤੀ ਮੁਟਿਆਰ ਦੀ ਲਾਸ਼ ਬਰਾਮਦ ਹੋਈ ਸੀ। ਇਸ ਸਬੰਧੀ ਥਾਣਾ ਸਦਰ ਬਠਿੰਡਾ ਵਿੱਚ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ।

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐੱਸਪੀ (ਡੀ) ਜਸਮੀਤ ਸਿੰਘ ਅਤੇ ਡੀਐੱਸਪੀ ਹਰਵਿੰਦਰ ਸਿੰਘ ਸਰਾ ਦੀ ਅਗਵਾਈ ਵਿੱਚ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ। ਜਾਂਚ ਦੌਰਾਨ ਸੀਸੀਟੀਵੀ ਫੁਟੇਜ ਖੰਗਾਲੀ ਗਈ, ਜਿਸ ਵਿੱਚ ਮ੍ਰਿਤਕਾ ਨੂੰ ਆਖਰੀ ਵਾਰ 7 ਫਰਵਰੀ ਦੀ ਰਾਤ ਨੂੰ ਪਰਸਰਾਮ ਨਗਰ ਇਲਾਕੇ ਵਿੱਚ ਦੇਖਿਆ ਗਿਆ ਸੀ। ਮ੍ਰਿਤਕਾ ਦੇ ਸਰੀਰ ‘ਤੇ ਬਣੇ ‘ਕਾਕੂ’ ਨਾਮ ਦੇ ਟੈਟੂ ਅਤੇ ਕਾਲ ਡਿਟੇਲ ਰਿਕਾਰਡ ਦੇ ਆਧਾਰ ‘ਤੇ ਉਸ ਦੀ ਪਛਾਣ ਯਕੀਨੀ ਬਣਾਈ ਗਈ।

ਜਾਂਚ ਦੌਰਾਨ ਸ਼ੱਕ ਦੀ ਸੂਈ ਮ੍ਰਿਤਕਾ ਦੇ ਦੋਸਤ ਪ੍ਰਿੰਸ ਕੁਮਾਰ ਵੱਲ ਘੁੰਮੀ। ਪੁਲਿਸ ਨੇ 13 ਫਰਵਰੀ ਨੂੰ ਉਸ ਨੂੰ ਗ੍ਰਿਫਤਾਰ ਕਰ ਲਿਆ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਕਬੂਲ ਕੀਤਾ ਕਿ ਬੀਤੀ 9 ਫਰਵਰੀ ਨੂੰ ਉਹ ਅਤੇ ਮਲਿਕਾ ਉਸ ਦੇ ਘਰ ਮੌਜੂਦ ਸਨ। ਕਿਸੇ ਵਿਵਾਦ ਤੋਂ ਬਾਅਦ ਉਸ ਨੇ ਚਾਕੂ ਨਾਲ ਹਮਲਾ ਕਰਕੇ ਮਲਿਕਾ ਦਾ ਕਤਲ ਕਰ ਦਿੱਤਾ।

ਲਾਸ਼ ਟਿਕਾਣੇ ਲਗਾਉਣ ਲਈ ਰਚੀ ਸਾਜ਼ਿਸ਼

ਕਤਲ ਤੋਂ ਬਾਅਦ ਮੁਲਜ਼ਮ ਨੇ ਲਾਸ਼ ਨੂੰ ਸਾੜਨ ਦੀ ਕੋਸ਼ਿਸ਼ ਕੀਤੀ, ਪਰ ਬਦਬੂ ਫੈਲਣ ਕਾਰਨ ਯੋਜਨਾ ਬਦਲ ਦਿੱਤੀ। ਉਸ ਨੇ ਲਾਸ਼ ਨੂੰ ਲਾਲ ਸੂਟਕੇਸ ਵਿੱਚ ਬੰਦ ਕਰਕੇ 10 ਅਤੇ 11 ਫਰਵਰੀ ਦੀ ਦਰਮਿਆਨੀ ਰਾਤ ਆਪਣੀ ਸਿਲਵਰ ਰੰਗ ਦੀ ਆਈ-20 (i-20) ਕਾਰ ਰਾਹੀਂ ਪਿੰਡ ਬਹਿਮਣ ਦੀਵਾਨਾ ਦੇ ਖੇਤਾਂ ਵਿੱਚ ਸੁੱਟ ਦਿੱਤਾ।

ਪੁਲਿਸ ਨੇ ਮੁਲਜ਼ਮ ਦੀ ਨਿਸ਼ਾਨਦੇਹੀ ‘ਤੇ ਕਤਲ ਵਿੱਚ ਵਰਤਿਆ ਚਾਕੂ ਅਤੇ ਕਾਰ ਬਰਾਮਦ ਕਰ ਲਈ ਹੈ। ਪੁਲਿਸ ਪੁੱਛਗਿੱਛ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਕਿ ਮੁਲਜ਼ਮ ਨੇ ਲਾਸ਼ ਟਿਕਾਣੇ ਲਗਾਉਣ ਦੇ ਅਗਲੇ ਦਿਨ ਆਪਣੀ ਛਾਤੀ ‘ਤੇ ਮ੍ਰਿਤਕਾ ਅਤੇ ਆਪਣਾ ਟੈਟੂ ਬਣਵਾਇਆ, ਤਾਂ ਜੋ ਲੋਕਾਂ ਨੂੰ ਲੱਗੇ ਕਿ ਉਹ ਮਲਿਕਾ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਉਸ ‘ਤੇ ਕਤਲ ਦਾ ਸ਼ੱਕ ਨਾ ਕੀਤਾ ਜਾਵੇ। ਹਾਲਾਂਕਿ, ਉਸ ਦੀ ਇਹ ਚਾਲ ਪੁਲਿਸ ਅੱਗੇ ਨਹੀਂ ਚੱਲ ਸਕੀ।

ਐੱਸਐੱਸਪੀ ਅਨੁਸਾਰ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਮੁਲਜ਼ਮ ਨਸ਼ੇ ਦਾ ਆਦੀ ਦੱਸਿਆ ਜਾ ਰਿਹਾ ਹੈ, ਇਸ ਲਈ ਉਸ ਦਾ ਡੋਪ ਟੈਸਟ ਵੀ ਕਰਵਾਇਆ ਜਾਵੇਗਾ।

Related Articles

ਅੱਜ ਦਾ ਮੁੱਖਵਾਕ

ਧਾਰਮਿਕ ਵਿਚਾਰ

ਅੱਜ ਦਾ ਵਿਚਾਰ

ਪੰਜਾਬੀ ਚੁਟਕਲੇ

Best Newspaper

About Us

Prime Uday is a Web Channel with Daily Newspaper in Punjab and other north India Regions.

Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

follow us

Contact Us

+91 94171-36821

© 2026 Prime Uday. All Rights Reserved | Designed by BringBrandOn.