ਬਠਿੰਡਾ: ਬੀਤੇ ਬੁੱਧਵਾਰ ਤੜਕੇ 4:30 ਵਜੇ 80 ਮੀਡੀਅਮ ਰੈਜੀਮੈਂਟ ਦੇ ਚਾਰ ਜਵਾਨਾਂ ਦੇ ਕਤਲ ਦੇ ਮਾਮਲੇ ਨੂੰ ਤਿੰਨ ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਅਤੇ ਫੌਜ ਦੇ ਹੱਥ ਬਿਲਕੁਲ ਖਾਲੀ ਹਨ। ਪੁਲਿਸ ਅਤੇ ਫ਼ੌਜ ਦੀਆਂ ਸਾਂਝੀਆਂ ਟੀਮਾਂ ਹਮਲਾਵਰਾਂ ਦੀ ਸ਼ਨਾਖ਼ਤ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਸ਼ਿ ਕਰ ਰਹੀਆਂ ਹਨ ਪਰ ਤਿੰਨ ਦਿਨ ਬੀਤ ਜਾਣ ਦੇ ਬਾਵਜੂਦ ਉਹ ਕੋਈ ਠੋਸ ਸਬੂਤ ਨਹੀਂ ਲੱਭ ਸਕੀਆਂ, ਜਿਸ ਦੀ ਮਦਦ ਨਾਲ ਉਹ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਤਕ ਪਹੁੰਚ ਸਕਣ। ਪੁਲਿਸ ਅਤੇ ਫੌਜ ਲਈ ਕਾਫੀ ਪੇਚੀਦਾ ਬਣੇ ਹੋਏ ਇਸ ਅੰਨ੍ਹੇ ਕਤਲਾਂ ਦੇ ਮਾਮਲੇ ਦੀ ਗੁੱਥੀ ਸੁਲਝਾਉਣ ਲਈ ਦਿੱਲੀ ਤੋਂ ਫੌਜ ਦੇ ਅਧਿਕਾਰੀਆਂ ਦੀ ਟੀਮ ਬਠਿੰਡਾ ਛਾਉਣੀ ਪਹੁੰਚੀ ਹੈ ਅਤੇ ਘਟਨਾ ਸਥਾਨ ਦਾ ਮੁਆਇਨਾ ਕੀਤਾ ਜਾ ਰਿਹਾ ਹੈ।
ਸੂਤਰਾਂ ਦੀ ਮੰਨੀਏ ਤਾਂ ਫੌਜ ਦੇ ਅਧਿਕਾਰੀ ਵੱਡੇ ਪੱਧਰ ’ਤੇ ਇਸ ਘਟਨਾ ਦੀ ਜਾਂਚ ’ਚ ਲੱਗੇ ਹੋਏ ਹਨ। ਟੀਮ ਵੱਲੋਂ ਇਹ ਪਤਾ ਲਗਾਇਆ ਜਾ ਸਕੇ ਕਿ ਗੋਲੀਬਾਰੀ ਕਰਨ ਤੋਂ ਬਾਅਦ ਹਮਲਾਵਰ ਭੱਜ ਕੇ ਕਿਸੇ ਵੀ ਦਿਸ਼ਾ ’ਚ ਲੁਕ ਸਕਦੇ ਹਨ। ਪੁਲਿਸ ਅਤੇ ਫੌਜ ਅਜੇ ਵੀ ਇਹ ਮੰਨ ਕੇ ਚੱਲ ਰਹੀ ਹੈ ਉਕਤ ਘਟਨਾ ਨੂੰ ਛਾਉਣੀ ਦੇ ਅੰਦਰ ਰਹਿੰਦੇ ਕੁਝ ਲੋਕਾਂ ਨੇ ਅੰਜਾਮ ਦਿੱਤਾ ਹੋ ਸਕਦਾ ਹੈ। ਇਸ ਦੇ ਲਈ ਫੌਜ ਵੱਲੋਂ ਬਠਿੰਡਾ ਛਾਉਣੀ ਵਿਚ ਤਾਇਨਾਤ ਵੱਖ-ਵੱਖ ਰੈਜੀਮੈਂਟਾਂ ਦੇ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਗਿਣਤੀ ਕਰ ਰਹੀ ਹੈ, ਤਾਂ ਜੋ ਇਹ ਪਤਾ ਲੱਗ ਸਕੇ ਕਿ ਘਟਨਾ ਤੋਂ ਬਾਅਦ ਕੋਈ ਜਵਾਨ ਜਾਂ ਉਸ ਦੇ ਪਰਿਵਾਰਕ ਮੈਂਬਰ ਲਾਪਤਾ ਤਾਂ ਨਹੀਂ। ਇਸ ਤੋਂ ਇਲਾਵਾ ਫੌਜੀ ਅਧਿਕਾਰੀ ਵੀ ਆਪਸੀ ਦੁਸ਼ਮਣੀ ਮੰਨ ਕੇ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸ ਦੇ ਲਈ ਘਟਨਾ ਵਿਚ ਮਾਰੇ ਗਏ ਫੌਜੀ ਜਵਾਨਾਂ ਦੀ ਪਿਛਲੇ ਕੁਝ ਦਿਨਾਂ ਤੋਂ ਕਿਸੇ ਨਾਲ ਲੜਾਈ ਹੋਣ ਦੇ ਐਂਗਲ ਤੋਂ ਵੀ ਜਾਂਚ ਕਰ ਰਹੀ ਹੈ। ਇਸ ਦੇ ਲਈ ਉਸ ਦੀ ਰੈਜੀਮੈਂਟ ਦੇ ਜਵਾਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਫੌਜੀ ਅਧਿਕਾਰੀ ਚਸ਼ਮਦੀਦਾਂ ਤੋਂ ਕਰ ਰਹੇ ਮੁੜ ਪੁੱਛਗਿੱਛ
ਦੂਜੇ ਪਾਸੇ ਮ੍ਰਿਤਕ ਜਵਾਨਾਂ ਦੀਆਂ ਲਾਸ਼ਾਂ ’ਤੇ ਕਿਸੇ ਤੇਜ਼ਧਾਰ ਹਥਿਆਰ ਦੀਆਂ ਸੱਟਾਂ ਦੇ ਨਿਸ਼ਾਨ ਨਾ ਮਿਲਣ ’ਤੇ ਮਾਮਲਾ ਸ਼ੱਕੀ ਹੁੰਦਾ ਜਾਪ ਰਿਹਾ ਹੈ, ਕਿਉਂਕਿ ਚਸ਼ਮਦੀਦ ਗਵਾਹਾਂ ਦਾ ਕਹਿਣਾ ਹੈ ਕਿ ਹਮਲਾਵਰ ਦੋ ਸਨ ਅਤੇ ਇਕ ਦੇ ਹੱਥ ’ਚ ਰਿਵਾਲਵਰ ਸੀ ਅਤੇ ਦੂਜੇ ਦੇ ਹੱਥ ’ਚ ਕੁਹਾੜੀ ਵਰਗਾ ਤੇਜ਼ਧਾਰ ਹਥਿਆਰ ਸੀ। ਇਹ ਖਦਸ਼ਾ ਜਤਾਇਆ ਜਾ ਰਿਹਾ ਸੀ ਕਿ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਵੀ ਹਮਲਾ ਕੀਤਾ ਹੋਵੇਗਾ, ਪਰ ਅਜਿਹਾ ਕੁਝ ਨਹੀਂ ਹੈ। ਇਸ ਕਾਰਨ ਫੌਜੀ ਅਧਿਕਾਰੀ ਵੀ ਚਸ਼ਮਦੀਦਾਂ ਤੋਂ ਮੁੜ ਪੁੱਛਗਿੱਛ ਕਰ ਰਹੇ ਹਨ। ਦੱਸ ਦੇਈਏ ਕਿ ਬੁੱਧਵਾਰ ਸਵੇਰੇ ਜਦੋਂ ਚਾਰ ਜਵਾਨ ਬਠਿੰਡਾ ਫੌਜੀ ਛਾਉਣੀ ਦੇ ਅੰਦਰ ਸਥਿਤ 80 ਮੀਡੀਅਮ ਰੈਜੀਮੈਂਟ ਦੀ ਬੈਰਕ ਵਿਚ ਸੌਂ ਰਹੇ ਸਨ ਤਾਂ ਉਨ੍ਹਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਮਾਮਲੇ ਵਿਚ ਰੈਜੀਮੈਂਟ ਦੇ ਮੇਜਰ ਸ਼ੁਕਲਾ ਦੇ ਬਿਆਨਾਂ ’ਤੇ ਥਾਣਾ ਕੈਂਟ ਪੁਲਿਸ ਨੇ ਦੋ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕਤਲ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਸੀ। ਬੀਤੇ ਵੀਰਵਾਰ ਨੂੰ ਫੌਜ ਦੇ ਸੀਨੀਅਰ ਅਧਿਕਾਰੀਆਂ ਨੇ ਘਟਨਾ ਸਥਾਨ ਦਾ ਮੁਆਇਨਾ ਕੀਤਾ ਅਤੇ ਹਰ ਪਹਿਲੂ ਦੀ ਜਾਂਚ ਕੀਤੀ। ਫੌਜ ਦੀਆਂ ਵੱਖ-ਵੱਖ ਟੀਮਾਂ ਵੱਲੋਂ ਛਾਉਣੀ ’ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਪਰ ਤਲਾਸ਼ੀ ਮੁਹਿੰਮ ਦੌਰਾਨ ਅਜੇ ਤਕ ਦੋਸ਼ੀਆਂ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਹਾਲਾਂਕਿ ਫੌਜ ਨੇ ਬੁੱਧਵਾਰ ਸ਼ਾਮ ਕੈਂਟ ਦੇ ਜੰਗਲਾਂ ’ਚੋਂ ਤਲਾਸ਼ੀ ਮੁਹਿੰਮ ਦੌਰਾਨ ਚੋਰੀ ਹੋਈ ਇਨਸਾਸ ਰਾਈਫਲ ਬਰਾਮਦ ਕਰ ਲਈ ਸੀ, ਜਿਸ ਨੂੰ ਅਗਲੀ ਜਾਂਚ ਲਈ ਲੈਬ ਵਿਚ ਭੇਜ ਦਿੱਤਾ ਗਿਆ ਹੈ ਪਰ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਉਕਤ ਕਤਲ ਚੋਰੀ ਦੀ ਰਾਈਫਲ ਨਾਲ ਕੀਤਾ ਗਿਆ ਹੈ ਜਾਂ ਕਿਸੇ ਹੋਰ ਆਧੁਨਿਕ ਹਥਿਆਰ ਨਾਲ। ਅਜੇ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਚਾਰੇ ਫੌਜੀ ਜਵਾਨਾਂ ਦੀ ਹੱਤਿਆ ਚੋਰੀ ਕੀਤੀ ਰਾਈਫਲ ਨਾਲ ਕੀਤੀ ਹੋ ਸਕਦੀ ਹੈ, ਪਰ ਇਸ ਦੀ ਪੁਸ਼ਟੀ ਜਾਚ ਰਿਪੋਰਟ ਤੋਂ ਬਾਅਦ ਹੀ ਹੋਵੇਗੀ।