ਲਾਲੜੂ : ਨਜ਼ਦੀਕੀ ਪਿੰਡ ਬੈਰ ਮਾਜਰਾ ਦੀ ਹੋਣਹਾਰ ਧੀ ਜਸਪ੍ਰੀਤ ਕੌਰ ਬਾਜਵਾ ਨੇ ਕੈਨੇਡਾ ਵਿੱਚ ਫੈਡਰਲ ਅਧਿਕਾਰੀ ਵਜੋਂ ਨਿਯੁਕਤੀ ਹਾਸਲ ਕਰਕੇ ਆਪਣੇ ਪਰਿਵਾਰ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ।
ਜਸਪ੍ਰੀਤ ਕੌਰ ਚਾਰ ਭੈਣਾਂ ਵਿੱਚ ਸਭ ਤੋਂ ਛੋਟੀ ਹੈ ਅਤੇ ਉਹ ਪਿੰਡ ਬੈਰ ਮਾਜਰਾ ਦੇ ਪੂਰਵ ਸਰਪੰਚ ਗਿਆਨ ਸਿੰਘ ਅਤੇ ਪੂਰਵ ਬਲਾਕ ਸਮਿਤੀ ਪ੍ਰਧਾਨ ਬਲਜੀਤ ਕੌਰ ਦੀ ਪੁੱਤਰੀ ਹੈ। ਆਪਣੀ ਲਗਨ, ਮਿਹਨਤ ਅਤੇ ਸਮਰਪਣ ਦੇ ਸਦਕਾ ਉਸਨੇ ਇਹ ਉੱਚ ਅਹੁਦਾ ਪ੍ਰਾਪਤ ਕੀਤਾ ਹੈ।
ਉਸ ਦੀ ਇਸ ਕਾਮਯਾਬੀ ਨਾਲ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ। ਪਿਤਾ ਗਿਆਨ ਸਿੰਘ ਨੇ ਦੱਸਿਆ ਕਿ ਜਸਪ੍ਰੀਤ ਕੌਰ ਕੈਨੇਡਾ ਵਿੱਚ ਭਾਰਤੀ ਮੂਲ ਦੀ ਪਹਿਲੀ ਫੈਡਰਲ ਅਧਿਕਾਰੀ ਬਣੀ ਹੈ, ਜੋ ਸਾਡੇ ਲਈ ਮਾਣ ਦੀ ਗੱਲ ਹੈ।
ਉਨ੍ਹਾਂ ਕਿਹਾ ਕਿ ਜਸਪ੍ਰੀਤ ਦੀ ਇਹ ਪ੍ਰਾਪਤੀ ਸਾਰੇ ਇਲਾਕੇ ਲਈ ਗੌਰਵ ਦੀ ਗੱਲ ਹੈ ਅਤੇ ਇਸ ਨਾਲ ਨੌਜਵਾਨਾਂ ਨੂੰ ਅੱਗੇ ਵੱਧਣ ਲਈ ਪ੍ਰੇਰਣਾ ਮਿਲੇਗੀ। ਇਸ ਮੌਕੇ ਸਥਾਨਕ ਵਾਸੀਆਂ ਅਤੇ ਰਿਸ਼ਤੇਦਾਰਾਂ ਵੱਲੋਂ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਜਸਪ੍ਰੀਤ ਦੇ ਚਮਕਦਾਰ ਭਵਿੱਖ ਲਈ ਦੁਆਵਾਂ ਕੀਤੀਆਂ ਜਾ ਰਹੀਆਂ ਹਨ। ਜਸਪ੍ਰੀਤ ਦੀ ਵੱਡੀ ਭੈਣ ਰੂਪਿੰਦਰ ਕੌਰ ਕਾਮਨਵੈਲਥ ਖੇਡਾਂ ਵਿੱਚ ਨੈੱਟਬਾਲ ਟੀਮ ਦੀ ਅੰਤਰਰਾਸ਼ਟਰੀ ਖਿਡਾਰਨ ਰਹਿ ਚੁੱਕੀ ਹੈ।





