ਜਲੰਧਰ : ਪੀਜੀਆਈ ’ਚ ਹਰੇਕ ਸਾਲ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਪੀਜੀਆਈ ਦੇ ਡਿਪਟੀ ਡਾਇਰੈਕਟਰ ਕੁਮਾਰ ਗੌਰਵ ਧਵਨ ਨੇ ਦੱਸਿਆ ਕਿ ਪਿਛਲੇ ਸਾਲ 2022 ’ਚ ਪੀਜੀਆਈ ਦੀ ਨਿਊ ਓਪੀਡੀ ’ਚ ਇਲਾਜ ਲਈ ਅੱਠ ਲੱਖ 82 ਹਜ਼ਾਰ ਨਵੇਂ ਮਰੀਜ਼ ਸਾਹਮਣੇ ਆਏ ਸਨ। ਅਜਿਹੇ ’ਚ ਪੀਜੀਆਈ ਹਸਪਤਾਲ ’ਤੇ ਵਧ ਰਹੇ ਮਰੀਜ਼ਾਂ ਦੇ ਬੋਝ ਨੂੰ ਘੱਟ ਕਰਨ ਲਈ ਪੰਜਾਬ ਤੇ ਹਿਮਾਚਲ ’ਚ ਸੈਟੇਲਾਈਟ ਸੈਂਟਰ ਬਣਾ ਰਹੇ ਹਾਂ। ਇਨ੍ਹਾਂ ਸੈਟੇਲਾਈਟ ਸੈਂਟਰ ਦੇ ਸ਼ੁਰੂ ਹੋਣ ਨਾਲ ਪੀਜੀਆਈ ’ਚ ਪੰਜਾਬ, ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ, ਉੱਤਰਾਖੰਡ ਤੇ ਹੋਰ ਸੂਬਿਆਂ ਤੋਂ ਆਉਣ ਵਾਲੇ ਮਰੀਜ਼ਾਂ ਦੇ ਬੋਝ ਨੂੰ ਘੱਟ ਕੀਤਾ ਜਾ ਸਕੇਗਾ, ਮਰੀਜ਼ਾਂ ਨੂੰ ਇਲਾਜ ਲਈ ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਪੀਜੀਆਈ ਚੰਡੀਗੜ੍ਹ ਆਉਣ ਦੀ ਜ਼ਰੂਰਤ ਨਹੀਂ ਪਵੇਗੀ, ਇਨ੍ਹਾਂ ਸੈਟੇਲਾਈਟ ਸੈਂਟਰ ’ਚ ਹੀ ਬਿਹਤਰ ਸਿਹਤ ਸਹੂਲਤਾਂ ਪੀਜੀਆਈ ਉਪਲੱਬਧ ਕਰਵਾਏਗਾ। ਪੀਜੀਆਈ ਦੇ ਇਹ ਸੈਟੇਲਾਈਟ ਸੈਂਟਰ ਪੰਜਾਬ ਦੇ ਫਿਰੋਜ਼ਪੁਰ ਤੇ ਸੰਗਰੂਰ ’ਚ ਤੇ ਹਿਮਾਚਲ ਪ੍ਰਦੇਸ਼ ਦੇ ਊਨਾ ’ਚ ਤਿਆਰ ਕੀਤੇ ਜਾ ਰਹੇ ਹਨ, ਜੋ ਕਿ ਸਾਲ 2025 ਤਕ ਪੂਰੀ ਤਰ੍ਹਾਂ ਕੰਮ ਕਰਨਾ ਸ਼ੁਰੂ ਕਰਨਗੇ। ਫਿਰੋਜ਼ਪੁਰ ਸੈਟੇਲਾਈਟ ਸੈਂਟਰ ਸਾਲ 2024 ਤਕ ਹੋਵੇਗਾ ਸ਼ੁਰੂ : ਫਿਰੋਜ਼ਪੁਰ ਪੀਜੀਆਈ ਸੈਟੇਲਾਈਟ ਸੈਂਟਰ ’ਤੇ 490.5 ਕਰੋੜ ਖਰਚੇ ਕੀਤੇ ਜਾ ਰਹੇ ਹਨ। ਇਸ ਸੈਂਟਰ ’ਚ 100 ਇਨਡੋਰ ਬੈੱਡ ਸੈਂਟਰ ਦਾ ਪ੍ਰਬੰਧ ਹੋਵੇਗਾ। ਇਸ ਤੋਂ ਇਲਾਵਾ 30 ਬੈੱਡ ਦਾ ਆਈਸੀਯੂ ਤੇ ਹਾਈ ਡਿਪੈਂਡੈਂਸ ਬੈੱਡ ਦਾ ਪ੍ਰਬੰਧ ਹੋਵੇਗਾ। ਉਥੇ, 10 ਕਲੀਨਿਕਲ ਸਪੈਸ਼ਿਐਲਿਟੀ ਡਿਪਾਰਟਮੈਂਟ ਤੇ ਪੰਜ ਵਿਭਾਗ ਹੋਣਗੇ। ਇਸ ਤੋਂ ਇਲਾਵਾ ਛੋਟੀ ਤੇ ਵੱਡੀ ਸਰਜੀ ਤੇ ਆਪ੍ਰੇਸ਼ਨ ਲਈ ਆਪ੍ਰੇਸ਼ਨ ਥਿਏਟਰ (ਓਟੀ) ਹੋਣਗੇ। ਸੈਟੇਲਾਈਟ ਸੈਂਟਰ ਦਾ ਨਿਰਮਾਣ ਅਤਿ-ਆਧੁਨਿਕ ਤਕਨੀਕ ਰਾਹੀਂ ਕੀਤਾ ਜਾ ਰਿਹਾ ਹੈ, ਜੋ ਕਿ ਪਲੈਟੀਨਮ ਗ੍ਰੀਨ ਹਸਪਤਾਲ ਦੀ ਸ਼੍ਰੇਣੀ ’ਚ ਆਵੇਗੀ।