ਪੰਜਾਬ ਕਿੰਗਜ਼ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਨਵੇਂ ਸੀਜ਼ਨ ਤੋਂ ਪਹਿਲਾਂ ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੂੰ ਮੁੱਖ ਕੋਚ ਨਿਯੁਕਤ ਕੀਤਾ ਹੈ। ਇੰਡੀਅਨ ਪ੍ਰੀਮੀਅਰ ਲੀਗ ਦੇ ਨਵੇਂ ਸੀਜ਼ਨ ‘ਚ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਨਵੀਂ ਟੀਮ ਦੀ ਕਮਾਨ ਸੰਭਾਲਦੇ ਨਜ਼ਰ ਆਉਣਗੇ। ਰਿਕੀ ਪੋਂਟਿੰਗ ਨੂੰ ਪੰਜਾਬ ਕਿੰਗਜ਼ ਨੇ ਮੁੱਖ ਕੋਚ ਦਾ ਅਹੁਦਾ ਸੌਂਪਿਆ ਹੈ। ਪਿਛਲੇ ਸੀਜ਼ਨ ਤੱਕ ਇਹ ਦਿੱਗਜ ਦਿੱਲੀ ਕੈਪੀਟਲਜ਼ ਲਈ ਇਹ ਜ਼ਿੰਮੇਵਾਰੀ ਨਿਭਾ ਰਿਹਾ ਸੀ। 7 ਸਾਲ ਇਸ ਟੀਮ ਨਾਲ ਰਹਿਣ ਤੋਂ ਬਾਅਦ, ਹੁਣ ਉਨ੍ਹਾਂ ਨੇ ਵੱਖ ਹੋਣ ਦਾ ਫੈਸਲਾ ਕੀਤਾ। ਈਐਸਪੀਐਨ ਮੁਤਾਬਕ ਹੁਣ 2025 ਵਿੱਚ ਸ਼ਿਖਰ ਧਵਨ ਦੀ ਕਪਤਾਨੀ ਵਾਲੀ ਟੀਮ ਨੂੰ ਚੈਂਪੀਅਨ ਬਣਾਉਣ ਦੀ ਜ਼ਿੰਮੇਵਾਰੀ ਰਿਕੀ ਪੋਂਟਿੰਗ ਦੀ ਹੋਵੇਗੀ।
2024 ‘ਚ ਪੰਜਾਬ ਕਿੰਗਜ਼ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ। ਇਸ ਟੀਮ ਨੇ 14 ਮੈਚ ਖੇਡੇ ਅਤੇ ਸਿਰਫ 5 ਹੀ ਜਿੱਤੇ। ਅੰਕ ਸੂਚੀ ‘ਚ ਸ਼ਿਖਰ ਧਵਨ ਦੀ ਕਪਤਾਨੀ ਵਾਲੀ ਪੰਜਾਬ ਟੀਮ 9ਵੇਂ ਨੰਬਰ ‘ਤੇ ਹੈ। 2014 ਤੋਂ ਇਹ ਟੀਮ ਪਲੇਆਫ ਵਿੱਚ ਥਾਂ ਬਣਾਉਣ ਲਈ ਸੰਘਰਸ਼ ਕਰ ਰਹੀ ਹੈ। ਹੁਣ ਨਵੇਂ ਸੀਜ਼ਨ ‘ਚ ਪੰਜਾਬ ਕਿੰਗਜ਼ ਇੰਡੀਅਨ ਪ੍ਰੀਮੀਅਰ ਲੀਗ ‘ਚ ਨਵੇਂ ਮੁੱਖ ਕੋਚ ਰਿਕੀ ਪੋਂਟਿੰਗ ਨਾਲ ਖੇਡੇਗੀ। ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪੀਟਲਜ਼ ਨਾਲ ਕੰਮ ਕਰ ਚੁੱਕੇ ਇਸ ਦਿੱਗਜ ਕੋਲ ਟੀਮ ਲਈ ਰਣਨੀਤੀ ਤਿਆਰ ਕਰਨ ਦੀ ਜ਼ਿੰਮੇਵਾਰੀ ਹੋਵੇਗੀ।
ਸਾਲ 2017 ਵਿੱਚ ਇਸ ਟੀਮ ਨੇ ਸਾਬਕਾ ਵਿਸਫੋਟਕ ਭਾਰਤੀ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੂੰ ਮੁੱਖ ਕੋਚ ਨਿਯੁਕਤ ਕੀਤਾ ਸੀ। ਸਾਲ 2018 ‘ਚ ਆਸਟ੍ਰੇਲੀਆ ਦੇ ਬ੍ਰੈਡ ਹੌਗ ਇਸ ਜ਼ਿੰਮੇਵਾਰੀ ਨੂੰ ਨਿਭਾਉਂਦੇ ਨਜ਼ਰ ਆਏ। 2019 ਵਿੱਚ, ਮਾਈਕ ਹੈਸਨ ਇਸ ਟੀਮ ਵਿੱਚ ਮੁੱਖ ਕੋਚ ਵਜੋਂ ਸ਼ਾਮਲ ਹੋਏ ਸਨ ਪਰ 2021 ਵਿੱਚ ਇਹ ਜ਼ਿੰਮੇਵਾਰੀ ਭਾਰਤੀ ਦਿੱਗਜ ਖਿਡਾਰੀ ਅਨਿਲ ਕੁੰਬਲੇ ਨੂੰ ਸੌਂਪ ਦਿੱਤੀ ਗਈ ਸੀ। ਟੀਮ ਨੂੰ ਉਮੀਦ ਮੁਤਾਬਕ ਸਫ਼ਲਤਾ ਨਾ ਮਿਲਣ ‘ਤੇ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਟ੍ਰੇਵਰ ਵੇਲਿਸ ਨੇ 2023 ਅਤੇ 2024 ਵਿੱਚ ਮੁੱਖ ਕੋਚ ਦੀ ਜ਼ਿੰਮੇਵਾਰੀ ਸੰਭਾਲੀ ਸੀ।