ਪ੍ਰੀਖਿਆਵਾਂ ਲਈ ਜੂਝ ਰਹੀ ਵਿਸ਼ਵ ਰਿਕਾਰਡ ਬਣਾਉਣ ਵਾਲੀ ਵਿਦਿਆਰਥਣ, ਵਿਸ਼ਵ ਪੱਧਰ ’ਤੇ ਕਈ ਮੰਚਾਂ ’ਤੇ ਕੀਤੀ ਯੂਨੀਵਰਸਿਟੀ ਦੀ ਨੁਮਾਇੰਦਗੀ

Share on facebook
Facebook
Share on twitter
Twitter
Share on whatsapp
WhatsApp
Share on pinterest
Pinterest
Share on linkedin
LinkedIn

ਪਟਿਆਲਾ: ਹਰਮੋਨੀਅਮ ਵਜਾਉਣ ’ਚ ਵਿਸ਼ਵ ਰਿਕਾਰਡ ਬਣਾਉਣ ਸਮੇਤ ਕਈ ਪ੍ਰਾਪਤੀਆਂ ਆਪਣੇ ਨਾਮ ਕਰਨ ਵਾਲੀ ਪੰਜਾਬੀ ਯੂਨੀਵਰਸਿਟੀ ਦੀ ਵਿਦਿਆਰਥਣ ਇਕ ਪਸੇ ਜਿੱਥੇ ਆਪਣੇ ਬਿਮਾਰ ਪਿਤਾ ਦੇ ਇਲਾਜ ਲਈ ਜੂਝ ਰਹੀ ਹੈ ਉੱਥੇ ਹੀ ਉਸ ਨੂੰ ਆਪਣੀ ਪੜ੍ਹਾਈ ਲਈ ਵੀ ਜੱਦੋ-ਜਹਿਦ ਕਰਨੀ ਪੈ ਰਹੀ ਹੈ। ਔਖੇ ਸਮੇਂ ’ਚ ਉਸ ਦੀ ਬਾਂਹ ਫੜਨ ਦੀ ਬਜਾਏ ਯੂਨੀਵਰਸਿਟੀ ਪ੍ਰਸ਼ਾਸਨ ਨੇ ਉਸਨੂੰ ਪ੍ਰੀਖਿਆਵਾਂ ’ਚ ਬਿਠਾਉਣ ਤੋਂ ਇਨਕਾਰ ਕਰ ਦਿੱਤਾ ਹੈ। ਸੰਗੀਤ ’ਚ ਦੇਸ਼ ਦਾ ਨਾਮ ਰੋਸ਼ਨ ਕਰਨ ਦੀ ਇੱਛਾ ਰੱਖਣ ਵਾਲੀ ਇਸ ਵਿਦਿਆਰਥਣ ਨੇ ਵਾਇਸ ਚਾਂਸਲਰ ਤੋਂ ਲੈ ਕੇ ਮੁੱਖ ਮੰਤਰੀ ਤੇ ਗਵਰਨਰ ਤੱਕ ਨੂੰ ਇਸ ਮਾਮਲੇ ’ਚ ਦਖ਼ਲ ਦੇਣ ਦੀ ਫਰਿਆਦ ਕੀਤੀ ਹੈ। ਪਰ ਕਿਤਿਓਂ ਵੀ ਹੁੰਗਾਰਾ ਨਾ ਮਿਲਦਾ ਦੇਖ ਹੁਣ ਉਸ ਦਾ ਵੀ ਹੌਸਲਾ ਟੁੱਟਣ ਲੱਗਿਆ ਹੈ।

ਹੁਸ਼ਿਆਰਪੁਰ ਵਾਸੀ ਅਦਿਤੀ ਸਿੰਗਲਾ ਨੇ ਦੱਸਿਆ ਕਿ ਉਹ ਆਪਣੇ ਮਾਤਾ-ਪਿਤਾ ਦੀ ਇਕਲੌਤੀ ਔਲਾਦ ਹੈ ਤੇ ਪੰਜਾਬੀ ਯੂਨੀਵਰਸਿਟੀ ’ਚ ਸੰਗੀਤ ਵਿਭਾਗ ਤੋਂ ਐੱਮਏ ਕਰਨ ਤੋਂ ਬਾਅਦ ਇੱਥੋਂ ਹੀ 2022 ’ਚ ਪੀਐੱਚਡੀ ਕਰ ਰਹੀ ਹੈ। ਤਿੰਨ ਫਰਵਰੀ 2023 ਨੂੰ ਉਹ ਆਪਣੇ ਪਿਤਾ ਦੇ ਹਸਪਤਾਲ ’ਚ ਦਾਖ਼ਲ ਹੋਣ ਕਾਰਨ ਛੁੱਟੀ ’ਤੇ ਗਈ ਸੀ। 17 ਫਰਵਰੀ ਨੂੰ ਪਿਤਾ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ 19 ਮਾਰਚ ਨੂੰ ਉਸ ਨੂੰ ਪ੍ਰੀਖਿਆਵਾਂ ਦੀ ਸੂਚਨਾ ਮਿਲੀ ਤਾਂ ਅਗਲੇ ਦਿਨ ਉਹ ਪ੍ਰੀਖਿਆ ਦੇਣ ਲਈ ਹੁਸ਼ਿਆਰਪੁਰ ਤੋਂ ਕੈਂਪਸ ਪੁੱਜੀ ਜਿੱਥੇ ਵਿਭਾਗ ਦੇ ਇਕ ਕਲਰਕ ਨੇ ਉਸ ਨੂੰ ਪ੍ਰੀਖਿਆ ਦੇਣ ਤੋਂ ਅਯੋਗ ਕਹਿ ਦਿੱਤਾ।

ਡੀਨ ਨੇ ਦਿੱਤੀ ਮਨਜੂਰੀ, ਕਲਰਕ ਨੇ ਪ੍ਰੀਖਿਆ ’ਚੋਂ ਉਠਾਇਆ

ਪ੍ਰੀਖਿਆ ਵਾਲੇ ਦਿਨ ਕਰੀਬ ਡੇਢ ਵਜੇ ਤੱਕ ਅਦਿਤੀ ਪੇਪਰ ’ਚ ਬੈਠਣ ਲਈ ਵੱਖ-ਵੱਖ ਅਧਿਕਾਰੀਆਂ ਦੀਆਂ ਮਿੰਨਤਾਂ ਕਰਦੀ ਰਹੀ ਪਰ ਕਿਸੇ ਨੇ ਨਾ ਸੁਣੀ। ਅਖ਼ੀਰ ਡੀਨ ਅਕਾਦਮਿਕ ਕੋਲ ਦਰਖ਼ਾਸਤ ਲੈ ਕੇ ਗਈ ਤਾਂ ਉਨਾਂ ਨੇ ਪ੍ਰੀਖਿਆ ’ਚ ਬਿਠਾਉਣ ਦੀ ਮਨਜ਼ੂਰੀ ਦੇ ਦਿੱਤੀ। ਅਦਿਤੀ ਅਨੁਸਾਰ ਮਨਜ਼ੂਰੀ ਮਿਲਣ ਮਗਰੋਂ ਉਹ ਪ੍ਰੀਖਿਆ ’ਚ ਬੈਠ ਗਈ। ਹਾਜ਼ਰੀ ਲਗਾਉਣ ਤੋਂ ਬਾਅਦ ਉੱਤਰੀ ਪੱਤਰੀ ਵੀ ਦੇ ਦਿੱਤੀ ਪਰ ਕੁਝ ਸਮੇਂ ਬਾਅਦ ਇਕ ਕਲਰਕ ਨੇ ਆ ਕੇ ਹਾਜ਼ਰੀ ਪੂਰੀ ਨਾ ਹੋਣ ਕਰ ਕੇ ਉਸ ਤੋਂ ਸਾਰੇ ਕਾਗਜ਼ ਖੋਹ ਲਏ ਤੇ ਉਸ ਨੂੰ ਪ੍ਰੀਖਿਆ ਕੇਂਦਰ ਤੋਂ ਬਾਹਰ ਕਰ ਦਿੱਤਾ। ਇਸ ਬਾਰੇ ਜਦੋਂ ਡੀਨ ਨੂੰ ਦੱਸਿਆ ਤਾਂ ਉਨ੍ਹਾਂ ਨੇ ਵੀ ਹੱਥ ਖੜ੍ਹੇ ਕਰ ਦਿੱਤੇ। ਵਿਭਾਗ ਦੇ ਮੁਖੀ ਨੇ ਵੀ ਉਸ ਦੀ ਇਕ ਨਾ ਸੁਣੀ।

ਸਰਕਾਰ ਦੇ ਪੱਤਰਾਂ ਦਾ ਵੀ ਨਹੀਂ ਦਿੱਤਾ ਜਵਾਬ

ਯੂਨੀਵਰਸਿਟੀ ਪੱਧਰ ’ਤੇ ਕੋਈ ਸੁਣਵਾਈ ਨਾ ਹੁੰਦੀ ਦੇਖ ਅਦਿਤੀ ਨੇ ਮੁੱਖ ਮੰਤਰੀ ਤੇ ਰਾਜਪਾਲ ਤੱਕ ਨੂੰ ਆਪਣਾ ਭਵਿੱਖ ਬਚਾਉਣ ਦੀ ਅਪੀਲ ਕੀਤੀ। ਇਸ ’ਤੇ ਮੁੱਖ ਮੰਤਰੀ ਦਫ਼ਤਰ ਨੇ ਪ੍ਰਮੁੱਖ ਸਕੱਤਰ ਨੂੰ ਮਾਮਲੇ ਦੀ ਜਾਂਚ ਸੌਂਪੀ। ਹੈਰਾਨੀ ਵਾਲੀ ਗੱਲ ਹੈ ਪ੍ਰਮੁੱਖ ਸਕੱਤਰ ਦੇ ਦਫ਼ਤਰ ਵੱਲੋਂ ਮਾਮਲੇ ਦੀ ਰਿਪੋਰਟ ਮੰਗਣ ’ਤੇ ਇਕ ਮਹੀਨੇ ਬਾਅਦ ਵੀ ’ਵਰਸਿਟੀ ਵੱਲੋਂ ਇਸਦਾ ਕੋਈ ਜਵਾਬ ਨਹੀਂ ਦਿੱਤਾ ਗਿਆ। ਹੁਣ ਅਦਿਤੀ ਨੇ ਮੁੜ ਸਰਕਾਰ ਤੱਕ ਪਹੁੰਚ ਕੀਤੀ ਤਾਂ ਸਰਕਾਰ ਨੇ ਯੂਨੀਵਰਸਿਟੀ ਨੂੰ ਸਖ਼ਤ ਤਾੜਨਾ ਕਰਦਿਆਂ ਮਾਮਲਾ ਜਲਦ ਹੱਲ ਕਰਨ ਤੇ ਇਸ ਸਬੰਧੀ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।

ਪ੍ਰਾਪਤੀਆਂ

ਪੜ੍ਹਾਈ ’ਚ ਹੁਸ਼ਿਆਰ ਅਦਿਤੀ ਸਿੰਗਲਾ ਦੇ ਨਾਮ ਕਈ ਪ੍ਰਾਪਤੀਆਂ ਹਨ। ਅਦਿਤੀ ਯੂਨੀਵਰਸਿਟੀ ’ਚ ਲਗਾਤਾਰ ਦੋ ਸਾਲ ਤੱਕ ਆਪਣੀ ਕਲਾਸ ਦੀ ‘ਹੈੱਡ ਗਰਲ’ ਰਹੀ। 2016 ’ਚ ਉਸਨੇ ਗਰੈਂਡ ਆਰਕੈਸਟਰਾ ਵਰਲਡ ਕਲਚਰ ਫੈਸਟੀਵਲ ’ਚ ਭਾਰਤ ਦੀ ਨੁਮਾਇੰਦਗੀ ਕੀਤੀ। ਲਗਾਤਾਰ ਤਿੰਨ ਦਿਨ ਤੱਕ ਹਾਰਮੋਨੀਅਮ ਵਜਾ ਕੇ ਗਿਨੀਜ਼ ਵਰਲਡ ਬੁੱਕ ’ਚ ਆਪਣਾ ਨਾਮ ਦਰਜ ਕਰਵਾਇਆ। ਪੀਐੱਚਡੀ ਦੌਰਾਨ 30 ਪਰਚੇ ਪੇਸ਼ ਕੀਤੇ ਜਿਨ੍ਹਾਂ ’ਚੋਂ 15 ਪ੍ਰਕਾਸ਼ਿਤ ਵੀ ਹੋ ਗਏ। ਦੋ ਵਾਰ ਕੀਨੋਟ ਸਪੀਰਕਰ ਤੇ ਪੈਨਲਿਸਟ ਰਹੀ ਅਦਿਤੀ ਯੂਥ ਫੈਸਟੀਵਲ ਦੀ ਅਗਵਾਈ ਵੀ ਕਰਦੀ ਰਹੀ ਹੈ। 2019 ’ਚ ਖੋਜ ਪੇਪਰ ਮੁਕਾਬਲਿਆਂ ’ਚ ਦੇਸ਼ ਭਰ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਤੇ ਰਸ਼ੀਆ ਸਰਕਾਰ ਦੇ ਸੱਦੇ ’ਤੇ ਉਥੇ ਜਾ ਕੇ ਹੋਰ ਬੱਚਿਆਂ ਨੂੰ ਸੰਗੀਤ ਦੀ ਸਿਖਲਾਈ ਵੀ ਦਿੱਤੀ।

ਉੱਚ ਅਧਿਕਾਰੀਆਂ ਨੂੰ ਭੇਜੀ ਰਿਪੋਰਟ, ਪ੍ਰੀਖਿਆ ਦੇ ਯੋਗ ਨਹੀਂ : ਵਿਭਾਗ ਮੁਖੀ

ਵਿਭਾਗ ਮੁਖੀ ਡਾ. ਅਲੰਕਾਰ ਸਿੰਘ ਨੇ ਕਿਹਾ ਕਿ ਵਿਦਿਆਰਥਣ ਦੀਆਂ ਹਾਜ਼ਰੀਆਂ ਘੱਟ ਹਨ। ਨਿਯਮਾਂ ਤਹਿਤ ਉਹ ਪ੍ਰੀਖਿਆ ਦੇਣ ਦੇ ਯੋਗ ਨਹੀਂ। ਡੀਨ ਵੱਲੋਂ ਦਿੱਤੀ ਮਨਜੂਰੀ ’ਤੇ ਵਿਭਾਗ ਮੁਖੀ ਨੇ ਕਿਹਾ ਕਿ ਇਸ ਬਾਰੇ ਉਹ ਕੁਝ ਨਹੀਂ ਕਹਿ ਸਕਦੇ, ਉਹ ਨਿਯਮਾਂ ਦੀ ਪਾਲਣਾ ਕਰ ਰਹੇ ਹਨ। ਸਰਕਾਰ ਦੀ ਚਿੱਠੀ ਦਾ ’ਵਰਸਿਟੀ ਵੱਲੋਂ ਜਵਾਬ ਨਾ ਦੇਣ ਸਬੰਧੀ ਵਿਭਾਗ ਮੁਖੀ ਨੇ ਕਿਹਾ ਕਿ ਉਨ੍ਹਾਂ ਨੇ ਇਕ ਹਫ਼ਤਾ ਪਹਿਲਾਂ ਇਸਦਾ ਜਵਾਬ ਉੱਚ ਅਧਿਕਾਰੀਆਂ ਨੂੰ ਦੇ ਦਿੱਤਾ ਹੈ।

Related Articles

ਅੱਜ ਦਾ ਮੁੱਖਵਾਕ

ਧਾਰਮਿਕ ਵਿਚਾਰ

ਅੱਜ ਦਾ ਵਿਚਾਰ

ਪੰਜਾਬੀ ਚੁਟਕਲੇ

Best Newspaper

About Us

Prime Uday is a Web Channel with Daily Newspaper in Punjab and other north India Regions.

Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

follow us

Contact Us

+91 94171-36821

© 2025 Prime Uday. All Rights Reserved | Designed by BringBrandOn.