ਦਿੱਲੀ : ਹਰਿਆਣਾ ਦੀ ਮਹਿਲਾ ਪਹਿਲਵਾਨ ਪੰਘਾਲ ਪੈਰਿਸ ਛੱਡਣ ਦਾ ਹੁਕਮ ਮਿਲਣ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਭਾਰਤ ਪਹੁੰਚ ਗਈ ਹੈ। ਜਦੋਂ ਦਿੱਲੀ ਏਅਰਪੋਰਟ ‘ਤੇ ਪਹੁੰਚਣ ‘ਤੇ ਖੇਡ ਪਿੰਡ ‘ਚ ਹੋਏ ਝਗੜੇ ਬਾਰੇ ਪੰਘਾਲ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਕੋਈ ਗੱਲ ਨਹੀਂ ਕੀਤੀ। ਉਹ ਆਪਣੇ ਪਰਿਵਾਰ ਸਮੇਤ ਕਾਰ ‘ਚ ਰਵਾਨਾ ਹੋ ਗਈ। ਪੰਘਾਲ ਦੇ ਪਿਤਾ ਰਾਮਨਿਵਾਸ ਪੰਘਾਲ ਨੇ ਦੱਸਿਆ ਕਿ ਬੇਟੀ ਦੁਖੀ ਸੀ, ਇਸ ਲਈ ਉਹ ਬਿਨਾਂ ਕਿਸੇ ਨਾਲ ਗੱਲ ਕੀਤਿਆਂ ਚਲੀ ਗਈ ਹੈ। ਘਰ ਪਹੁੰਚਣ ‘ਤੇ ਉਸ ਦਾ ਨਿੱਘਾ ਸੁਆਗਤ ਕੀਤਾ ਜਾਵੇਗਾ।
ਦਰਅਸਲ, ਪਿਛਲੇ ਦਿਨੀਂ ਪੰਘਾਲ ਦੀ ਭੈਣ ਨੂੰ ਪੈਰਿਸ ਦੇ ਓਲੰਪਿਕ ਪਿੰਡ ਤੋਂ ਪੁਲਿਸ ਨੇ ਫੜ ਲਿਆ ਸੀ। ਉਸ ਕੋਲੋਂ ਪੰਘਾਲ ਦਾ ਆਈ-ਕਾਰਡ ਮਿਲਿਆ ਸੀ। ਇਸ ਤੋਂ ਬਾਅਦ ਪੁਲਿਸ ਉਸ ਨੂੰ ਥਾਣੇ ਲੈ ਗਈ ਅਤੇ ਉਸ ਨਾਲ ਗੱਲ ਕੀਤੀ। ਉਥੇ ਪੁਲਿਸ ਨੇ ਅਤਿੰਮ ਪੰਘਾਲ ਅਤੇ ਉਸ ਦੀ ਭੈਣ ਤੋਂ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਦੋਵਾਂ ਨੂੰ ਪੈਰਿਸ ਛੱਡਣ ਦਾ ਹੁਕਮ ਦਿੱਤਾ ਗਿਆ।
ਪੂਰੇ ਵਿਵਾਦ ਦੇ ਵਿਚਕਾਰ ਭਾਰਤੀ ਓਲੰਪਿਕ ਸੰਘ (IOA) ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਮੁੱਦੇ ‘ਤੇ ਹਰ ਕੋਈ ਸ਼ਰਮਿੰਦਾ ਹੋਇਆ ਹੈ। ਕੋਚ ਸਮੇਤ ਸਾਰਿਆਂ ‘ਤੇ 3 ਸਾਲ ਦੀ ਪਾਬੰਦੀ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।
ਹਾਲਾਂਕਿ ਇਸ ਤੋਂ ਪਹਿਲਾਂ ਆਈਓਏ ਨੇ ਕਿਹਾ ਸੀ ਕਿ ਅਤਿੰਮ ਪੰਘਾਲ ਦਾ ਫਾਈਨਲ ‘ਤੇ ਕੋਈ ਪਾਬੰਦੀ ਨਹੀਂ ਲਗਾਈ ਗਈ। ਉਨ੍ਹਾਂ ਨੂੰ ਐਸੋਸੀਏਸ਼ਨ ਨਾਲ ਸਬੰਧਤ ਮਾਮਲਿਆਂ ਬਾਰੇ ਸਹੀ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ ਅਤੇ ਅਫਵਾਹਾਂ ‘ਤੇ ਧਿਆਨ ਨਹੀਂ ਦੇਣਾ ਚਾਹੀਦਾ।
ਜੇਕਰ IOA ਹੁਣ ਅਤਿੰਮ ਪੰਘਾਲ ‘ਤੇ ਕਾਰਵਾਈ ਕਰਦੀ ਹੈ ਤਾਂ ਉਨ੍ਹਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।
ਅਤਿੰਮ ਪੰਘਾਲ ਨੇ ਕਿਹਾ- ਸਮਾਨ ਲੈਣ ਗਈ ਸੀ
ਵਿਵਾਦ ਤੋਂ ਬਾਅਦ ਪੰਘਾਲ ਨੇ ਆਖਿਰਕਾਰ ਇੱਕ ਵੀਡੀਓ ’ਚ ਕਿਹਾ ਸੀ, ‘ਕੱਲ੍ਹ (ਬੁੱਧਵਾਰ) ਮੇਰੇ ਲਈ ਚੰਗਾ ਦਿਨ ਨਹੀਂ ਸੀ। ਮੈਂ ਮੁਕਾਬਲਾ ਹਾਰ ਗਈ । ਮੈਦਾਨ ਤੋਂ ਬਾਹਰ ਆਉਣ ਤੋਂ ਬਾਅਦ ਮੇਰੀ ਸਿਹਤ ਵਿਗੜ ਗਈ। ਮੈਨੂੰ ਬੁਖਾਰ ਹੋ ਗਿਆ। ਮੈਂ ਆਪਣੀ ਭੈਣ ਨਾਲ ਹੋਟਲ ਜਾਣ ਲਈ ਆਪਣੇ ਕੋਚ ਤੋਂ ਇਜਾਜ਼ਤ ਲੈ ਲਈ।
ਮੇਰੀ ਭੈਣ ਦੇ ਹੋਟਲ ਜਾਣ ਤੋਂ ਬਾਅਦ, ਮੈਨੂੰ ਮੇਰੇ ਸਮਾਨ ਦੀ ਲੋੜ ਸੀ। ਇਸ ਤੋਂ ਬਾਅਦ ਮੈਂ ਆਪਣੀ ਭੈਣ ਨੂੰ ਆਪਣਾ ਅਧਿਕਾਰਤ ਪਛਾਣ ਪੱਤਰ ਦਿੱਤਾ ਅਤੇ ਉਸ ਨੂੰ ਮੇਰੇ ਕਮਰੇ ਵਿੱਚੋਂ ਚੀਜ਼ਾਂ ਲੈਣ ਲਈ ਭੇਜ ਦਿੱਤਾ। ਉੱਥੇ ਮੇਰੀ ਭੈਣ ਨੇ ਸੁਰੱਖਿਆ ਕਰਮੀਆਂ ਨੂੰ ਕਾਰਡ ਦਿਖਾ ਕੇ ਪੁੱਛਿਆ ਕਿ ਮੇਰੀ ਭੈਣ ਦੀ ਤਬੀਅਤ ਬਹੁਤ ਖ਼ਰਾਬ ਹੈ। ਕੀ ਮੈਂ ਉਸਦਾ ਸਮਾਨ ਲਿਆ ਸਕਦੀ ਹਾਂ?
ਇਸ ਤੋਂ ਬਾਅਦ ਪੁਲਿਸ ਉਸ ਨੂੰ ਕਾਰਡ ਚੈੱਕ ਕਰਨ ਲਈ ਥਾਣੇ ਲੈ ਗਈ। ਫਿਰ ਮੇਰਾ ਕੋਚ ਵੀ ਕੈਬ ਰਾਹੀਂ ਉੱਥੇ ਪਹੁੰਚ ਗਿਆ। ਭਾਸ਼ਾ ਕਾਰਨ ਉਹ ਟੈਕਸੀ ਡਰਾਈਵਰ ਨੂੰ ਆਪਣੀ ਗੱਲ ਨਹੀਂ ਸਮਝਾ ਸਕਿਆ। ਇਸ ਤੋਂ ਬਾਅਦ ਦੋਵਾਂ ਵਿਚਾਲੇ ਕੁਝ ਝਗੜਾ ਹੋ ਗਿਆ । ਪੁਲਿਸ ਨੇ ਪੂਰੀ ਜਾਂਚ ਤੋਂ ਬਾਅਦ ਮੇਰੀ ਭੈਣ ਨੂੰ ਰਿਹਾਅ ਕਰ ਦਿੱਤਾ ਸੀ।
ਇਹ ਬਿਲਕੁਲ ਗ਼ਲਤ ਹੈ ਕਿ ਸਾਨੂੰ ਥਾਣੇ ਲਿਜਾਇਆ ਗਿਆ ਅਤੇ ਕੇਸ ਦਰਜ ਕੀਤਾ ਗਿਆ। ਮੈਂ ਦੇਸ਼ ਵਾਸੀਆਂ ਨੂੰ ਬੇਨਤੀ ਕਰਦੀ ਹਾਂ ਕਿ ਮੈਂ ਔਖੇ ਸਮੇਂ ’ਚ ਹਾਂ, ਕਿਰਪਾ ਕਰਕੇ ਮੇਰਾ ਸਾਥ ਦਿਓ।
ਪਿਤਾ ਨੇ ਅੰਤਿਮ ਪੰਘਾਲ ਲਈ ਜ਼ਮੀਨ ਵੇਚ ਦਿੱਤੀ
ਅੰਤਿਮ ਪੰਘਾਲ ਦੇ ਪਿਤਾ ਰਾਮਨਿਵਾਸ ਪੰਘਾਲ ਜੋ ਕਿ ਹਿਸਾਰ ਦੇ ਰਹਿਣ ਵਾਲੇ ਹਨ, ਪੇਸ਼ੇ ਤੋਂ ਕਿਸਾਨ ਹਨ। ਉਸ ਨੇ ਆਪਣੀ ਧੀ ਦੇ ਕੁਸ਼ਤੀ ਦੇ ਸੁਪਨੇ ਨੂੰ ਪੂਰਾ ਕਰਨ ਲਈ ਡੇਢ ਏਕੜ ਜ਼ਮੀਨ ਵੇਚ ਦਿੱਤੀ ਸੀ। ਉਹ ਪੰਜ ਭੈਣ-ਭਰਾਵਾਂ ਵਿੱਚੋਂ ਸਭ ਤੋਂ ਛੋਟੀ ਹੈ ਅਤੇ ਉਸਦੀ ਮਿਹਨਤ ਅਤੇ ਸੰਘਰਸ਼ ਨੇ ਉਸਨੂੰ ਇਸ ਮੁਕਾਮ ਤੱਕ ਪਹੁੰਚਾਇਆ ਹੈ। ਹਾਲਾਂਕਿ, ਪੈਰਿਸ ਓਲੰਪਿਕ ਵਿਚ ਉਸਦੀ ਹਾਰ ਅਤੇ ਵਿਵਾਦਾਂ ਨੇ ਉਸਦੇ ਲਈ ਔਖਾ ਸਮਾਂ ਖੜ੍ਹਾ ਕਰ ਦਿੱਤਾ ਹੈ।