ਹਰਿਆਣਾ : ਹਰਿਆਣਾ ਦੇ ਹਾਂਸੀ ‘ਚ ਬੀਤੀ ਰਾਤ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ। ਉਮਰਾ ਰੋਡ ‘ਤੇ ਦੋਵਾਂ ਪਾਸਿਆਂ ਤੋਂ ਹੋਈ ਗੋਲ਼ੀਬਾਰੀ ‘ਚ ਤਿੰਨ ਬਦਮਾਸ਼ਾਂ ਨੂੰ ਲੱਤਾਂ ‘ਚ ਗੋਲ਼ੀਆਂ ਲੱਗੀਆਂ। ਤਿੰਨਾਂ ਨੂੰ ਹਾਂਸੀ ਦੇ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਸੂਤਰਾਂ ਅਨੁਸਾਰ ਇਹ ਤਿੰਨੋਂ ਬਦਮਾਸ਼ ਜੇਜੇਪੀ ਨੇਤਾ ਰਵਿੰਦਰ ਸੈਣੀ ਦੇ ਕਤਲ ਵਿਚ ਸ਼ਾਮਲ ਸਨ। ਬਦਮਾਸ਼ਾਂ ਦੀ ਪਛਾਣ ਸਚਿਨ ਉਰਫ ਮਗਤੂ ਵਾਸੀ ਜੀਂਦ, ਯੋਗੇਸ਼ ਉਰਫ ਸੁੱਖਾ ਵਾਸੀ ਖਰਕ ਜਾਟਾਨ, ਰੋਹਤਕ ਅਤੇ ਵਿਕਾਸ ਉਰਫ਼ ਕਾਸ਼ੀ ਵਾਸੀ ਪਿਜੋਖਰਾ, ਭਿਵਾਨੀ ਵਜੋਂ ਹੋਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਪੂਰੀ ਜਾਣਕਾਰੀ ਪ੍ਰੈੱਸ ਕਾਨਫਰੰਸ ‘ਚ ਦਿੱਤੀ ਜਾਵੇਗੀ।
ਇਸ ਸਬੰਧੀ ਪੁਲਿਸ ਰਵਿੰਦਰ ਸੈਣੀ ਕਤਲ ਕਾਂਡ ਦੇ ਮਾਸਟਰਮਾਈਂਡ ਵਿਕਾਸ ਉਰਫ਼ ਵਿੱਕੀ ਨਹਿਰਾ ਸਮੇਤ 5 ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਕਤਲ ’ਚ 10 ਤੋਂ ਵੱਧ ਲੋਕ ਸ਼ਾਮਲ ਹਨ। ਰਵਿੰਦਰ ਸੈਣੀ ਦਾ ਕਤਲ ਪੁਰਾਣੀ ਰੰਜਿਸ਼ ਕਾਰਨ ਹੋਇਆ ਸੀ। ਹਾਂਸੀ ‘ਚ ਹੀਰੋ ਏਜੰਸੀ ਦੇ ਮਾਲਕ ਅਤੇ ਜੇਜੇਪੀ ਨੇਤਾ ਰਵਿੰਦਰ ਸੈਣੀ ਦੀ 10 ਜੁਲਾਈ ਨੂੰ ਸ਼ਾਮ 6 ਵਜੇ ਸ਼ੋਅਰੂਮ ਦੇ ਬਾਹਰ 3 ਸ਼ੂਟਰਾਂ ਨੇ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਸ਼ੂਟਰਾਂ ਦਾ ਇੱਕ ਸਾਥੀ ਕੁਝ ਦੂਰੀ ‘ਤੇ ਮੋਟਰਸਾਈਕਲ ‘ਤੇ ਖੜ੍ਹਾ ਸੀ। ਉਨ੍ਹਾਂ ਦੇ ਭੱਜਣ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।
ਕਤਲ ਦੇ ਵਿਰੋਧ ਵਿਚ ਵਪਾਰੀਆਂ ਨੇ ਹਾਂਸੀ ਬੰਦ ਦਾ ਸੱਦਾ ਦਿੱਤਾ ਹੈ। ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਗੁਜਰਾਤ ਤੋਂ 4 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਹਾਸੀ ਦੇ ਵਕੀਲ ਕਲੋਨੀ ਨਿਵਾਸੀ ਪ੍ਰਵੀਨ (32), ਰਾਜਸਥਾਨ ਦੇ ਖੀਵਾ ਪਾਣੀ ਨਿਵਾਸੀ ਪ੍ਰਵੀਨ (40), ਹਾਂਸੀ ਦੇ ਸਿਸੇ ਕਲੀਰਾਵਾਂ ਨਿਵਾਸੀ ਰਵਿੰਦਰ (29) ਅਤੇ ਨਾਰਨੌਂਦ ਨਿਵਾਸੀ ਰਮੇਸ਼ ਉਰਫ਼ ਯੋਗੀ ਸ਼ਿਵਨਾਥ (40) ਦੇ ਰੂਪ ਵਿਚ ਵਜੋਂ ਹੋਈ ਹੈ।
ਇਸ ਤੋਂ ਬਾਅਦ ਪੁਲਿਸ ਮਾਸਟਰਮਾਈਂਡ ਵਿਕਾਸ ਨਹਿਰਾ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਜੇਲ੍ਹ ਤੋਂ ਲੈ ਕੇ ਆਈ।
ਇਸ ਮੌਕੇ ਐਸਆਈਟੀ ਦੇ ਇੰਚਾਰਜ ਡੀਐਸਪੀ ਹੈੱਡਕੁਆਰਟਰ ਹਾਂਸੀ ਧੀਰਜ ਕੁਮਾਰ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਜੇਲ੍ਹ ’ਚ ਬੰਦ ਵਿਕਾਸ ਉਰਫ਼ ਵਿੱਕੀ ਨਹਿਰਾ ਨਾਲ ਮੁਲਾਕਾਤ ਕਰਕੇ ਰਵਿੰਦਰ ਦੇ ਕਤਲ ਦੀ ਸਾਜ਼ਿਸ਼ ਰਚੀ ਸੀ। ਰਵਿੰਦਰ ਸੈਣੀ ਦੀ ਹੱਤਿਆ ਦੇ ਵਿਰੋਧ ‘ਚ 12 ਜੁਲਾਈ ਸ਼ੁੱਕਰਵਾਰ ਨੂੰ ਹਾਂਸੀ ਬੰਦ ਰਿਹਾ। 12 ਜੁਲਾਈ ਨੂੰ ਹੀ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਨਾਇਬ ਸੈਣੀ ਨਾਲ ਵਫ਼ਦ ਦੀ ਮੀਟਿੰਗ ਸਵੇਰੇ ਹੋਈ ਸੀ। ਇਸ ਮਾਮਲੇ ‘ਚ ਮੁੱਖ ਮੰਤਰੀ ਨੇ ਪਰਿਵਾਰ ਦੀਆਂ ਤਿੰਨ ਮੰਗਾਂ ‘ਤੇ ਸਹਿਮਤੀ ਜਤਾਉਂਦੇ ਹੋਏ ਮ੍ਰਿਤਕ ਦੇਹ ਚੁੱਕਣ ਲਈ ਸਹਿਮਤੀ ਦਿੱਤੀ। 48 ਘੰਟੇ ਬਾਅਦ 12 ਜੁਲਾਈ ਨੂੰ ਸ਼ਾਮ ਨੂੰ ਲਾਸ਼ ਦਾ ਸਸਕਾਰ ਕਰ ਦਿੱਤਾ ਗਿਆ।