ਨਵੀਂ ਦਿੱਲੀ : ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਈ-ਕਾਮਰਸ ਸੈਕਟਰ ਦੇ ਕੰਮਕਾਜ ‘ਤੇ ਚਿੰਤਾ ਜ਼ਾਹਰ ਕੀਤੀ। ਪੀਯੂਸ਼ ਗੋਇਲ ਨੇ ਕਿਹਾ ਕਿ ਈ-ਕਾਮਰਸ ਉਤਪਾਦਾਂ ‘ਤੇ ਭਾਰੀ ਛੋਟ ਦੇ ਕੇ ਛੋਟੇ ਰਿਟੇਲਰਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਗੋਇਲ ਨੇ ਈ-ਕਾਮਰਸ ਕੰਪਨੀਆਂ ‘ਤੇ ਹਮਲਾਵਰ ਕੀਮਤਾਂ ਤੇ ਛੋਟੇ ਪ੍ਰਚੂਨ ਵਿਕਰੇਤਾਵਾਂ ਨੂੰ ਬਰਾਬਰ ਦਾ ਮੈਦਾਨ ਨਾ ਦੇਣ ਦਾ ਦੋਸ਼ ਲਗਾਇਆ। ਅੱਜ ”Net Impact of E-Commerce on Employment and Consumer Welfare in India’ ਬਾਰੇ ਰਿਪੋਰਟ ਲਾਂਚ ਕੀਤੀ ਗਈ। ਇਸ ਪ੍ਰੋਗਰਾਮ ‘ਚ ਪੀਯੂਸ਼ ਗੋਇਲ ਵੀ ਸ਼ਾਮਲ ਸਨ।
ਇਸ ਪ੍ਰੋਗਰਾਮ ‘ਚ ਗੋਇਲ ਨੇ ਕਿਹਾ ਕਿ ਅਸੀਂ ਸਾਰੇ ਈ-ਕਾਮਰਸ ਬਾਰੇ ਸੋਚਦੇ ਹਾਂ ਕਿ ਇੱਥੋਂ ਚੀਜ਼ਾਂ ਸਸਤੀਆਂ ਮਿਲ ਰਹੀਆਂ ਹਨ। ਜੇਕਰ ਮੈਂ ਕਿਸੇ ਦੁਕਾਨ ‘ਤੇ ਜਾ ਕੇ ਫਾਈਵ ਸਟਾਰ ਚਾਕਲੇਟ ਜਾਂ ਚਾਕਲੇਟਾਂ ਦਾ ਡੱਬਾ ਖਰੀਦਦਾ ਹਾਂ ਤਾਂ ਇਸ ਦੀ ਕੀਮਤ ਮੈਨੂੰ 500 ਰੁਪਏ ਪਵੇਗੀ। ਉੱਥੇ ਹੀ ਇਹ ਆਇਟਮ ਈ-ਕਾਮਰਸ ਤੋਂ 350 ਰੁਪਏ ‘ਚ ਮਿਲੇਗੀ। ਇਹ ਇਸ ਲਈ ਹੈ ਕਿਉਂਕਿ ਇਨ੍ਹਾਂ ਆਈਟਮਜ਼ ‘ਚ ਸਭ ਤੋਂ ਵੱਧ ਮਾਰਜਿਨ ਹੁੰਦਾ ਹੈ।
ਅਜਿਹਾ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਈ-ਕਾਮਰਸ ਉੱਚ ਮੁੱਲ, ਉੱਚ ਮਾਰਜਿਨ ਵਾਲੇ ਉਤਪਾਦਾਂ ਨੂੰ ਖਾ ਰਿਹਾ ਹੈ। ਇਸ ਨਾਲ ਛੋਟੇ ਪ੍ਰਚੂਨ ਵਿਕਰੇਤਾਵਾਂ ਨੂੰ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਉੱਚ ਮਾਰਜਨ ਵਾਲੇ ਮਾਲ ਤੋਂ ਹੀ ਉਨ੍ਹਾਂ ਦੀ ਕਮਾਈ ਚੰਗੀ ਹੁੰਦੀ ਹੈ।
ਹਾਲਾਂਕਿ, ਪੀਯੂਸ਼ ਗੋਇਲ ਨੇ ਸਪੱਸ਼ਟ ਕਿਹਾ ਕਿ ਈ-ਕਾਮਰਸ ਸਾਰੇ ਰਿਟੇਲਰਾਂ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ।
ਈ-ਕਾਮਰਸ ਨੈੱਟਵਰਕ ਦਾ ਵਿਸਤਾਰ
ਕੀ ਈ-ਕਾਮਰਸ ਸਮਾਜਿਕ ਵਿਘਨ ਦਾ ਕਾਰਨ ਬਣਨ ਜਾ ਰਿਹਾ ਹੈ? ਪੀਯੂਸ਼ ਗੋਇਲ ਨੇ ਇਸ ਦਾ ਕੋਈ ਜਵਾਬ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਸ ਸਾਲਾਂ ‘ਚ ਅੱਧਾ ਬਾਜ਼ਾਰ ਈ-ਕਾਮਰਸ ਨੈੱਟਵਰਕ ਦਾ ਹਿੱਸਾ ਬਣ ਸਕਦਾ ਹੈ। ਅਜਿਹੇ ‘ਚ ਈ-ਕਾਮਰਸ ਸੈਕਟਰ ਦੀ ਭੂਮਿਕਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
Amazon ‘ਤੇ ਉਠਾਇਆ ਸਵਾਲ
ਪੀਯੂਸ਼ ਗੋਇਲ ਨੇ AMAZON ‘ਤੇ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਐਮਾਜ਼ੋਨ ਨੇ ਦੱਸਿਆ ਸੀ ਕਿ ਉਸ ਨੂੰ 6000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਨੁਕਸਾਨ ਦੀ ਭਰਪਾਈ ਲਈ ਕੰਪਨੀ ਦਾ ਕਹਿਣਾ ਹੈ ਕਿ ਉਹ ਇਕ ਅਰਬ ਡਾਲਰ ਦਾ ਨਿਵੇਸ਼ ਕਰਨ ਜਾ ਰਹੀ ਹੈ। ਅਸੀਂ ਕੰਪਨੀ ਦੀ ਨਿਵੇਸ਼ ਰਾਸ਼ੀ ‘ਤੇ ਧਿਆਨ ਦਿੰਦੇ ਹਾਂ, ਜਦੋਂਕਿ ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਇਹ ਨਿਵੇਸ਼ ਕਿਸੇ ਸੇਵਾ ਲਈ ਨਹੀਂ ਆ ਰਿਹਾ। Amazon ਨੂੰ ਬੈਲੇਂਸ ਸ਼ੀਟ ‘ਤੇ ਇਕ ਅਰਬ ਡਾਲਰ ਦਾ ਨੁਕਸਾਨ ਹੋਇਆ ਹੈ ਤੇ ਉਹ ਇਸ ਨੂੰ ਪੂਰਾ ਕਰਨ ਲਈ ਇਕ ਅਰਬ ਡਾਲਰ ਦਾ ਨਿਵੇਸ਼ ਕਰ ਰਹੀ ਹੈ।