ਲੁਧਿਆਣਾ : ਲੁਧਿਆਣਾ ਜ਼ਿਲ੍ਹੇ ਦੇ ਰਾਏਕੋਟ ਤਹਿਸੀਲ ਵਿੱਚ ਸਥਿਤ ਪਿੰਡ ਹੇਰਾਂ ਦੇ 35 ਸਾਲਾਂ ਫੌਜੀ ਜਵਾਨ ਨਾਇਕ ਗੁਰਪ੍ਰੀਤ ਸਿੰਘ ਪੁੱਤਰ ਸਵਰਗੀ ਹਰਪਾਲ ਸਿੰਘ ਦਾ ਡਿਊਟੀ ਨਿਭਾਉਂਦੇ ਸਮੇਂ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਹੈ। ਫੌਜੀ ਜਵਾਨ ਗੁਰਪ੍ਰੀਤ ਸਿੰਘ ਆਪਣੀ ਨਾਇਕ ਗੁਰਪ੍ਰੀਤ ਸਿੰਘ ਅੰਬਾਲਾ ‘ਚ ਬੰਗਾਲ ਇੰਜੀਨੀਅਰ 65 ਬ੍ਰਿਜ ‘ਚ ਡਿਊਟੀ ‘ਤੇ ਤੈਨਾਤ ਸੀ।
ਮਿਲੀ ਜਾਣਕਾਰੀ ਅਨੁਸਾਰ 16 ਸਾਲ ਦੇਸ਼ ਦੀ ਸੇਵਾ ਕਰਨ ਤੋਂ ਬਾਅਦ ਇਹ ਫੌਜੀ ਜਵਾਨ ਇਸ ਸਾਲ 31 ਅਗਸਤ ਨੂੰ ਫੌਜ ਤੋਂ ਸੇਵਾ ਮੁਕਤ ਹੋਣ ਵਾਲਾ ਸੀ ਪਰ ਨੌਕਰੀ ਦੀ ਸੇਵਾ ਮੁਕਤੀ ਤੋਂ 30 ਦਿਨ ਪਹਿਲਾਂ ਜ਼ਿੰਦਗੀ ਦੇ ਸਫ਼ਰ ਤੋਂ ਸੇਵਾ ਮੁਕਤ ਹੋ ਗਿਆ। ਫੌਜੀ ਜਵਾਨ ਗੁਰਪ੍ਰੀਤ ਸਿੰਘ ਦੀ ਅਚਾਨਕ ਹੋਈ ਮੌਤ ਤੋਂ ਬਾਅਦ ਜੱਦੀ ਪਿੰਡ ਹੇਰਾਂ ਅਤੇ ਸਥਾਨਕ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ।
ਫੌਜੀ ਜਵਾਨ ਗਰੀਬ ਮਹਿਰਾ ਪਰਿਵਾਰ ਨਾਲ ਸਬੰਧਿਤ ਸੀ। ਮ੍ਰਿਤਕ ਫੌਜੀ ਜਵਾਨ ਆਪਣੇ ਪਿੱਛੇ ਪਰਿਵਾਰ ‘ਚ ਪਤਨੀ ਗੁਰਪ੍ਰੀਤ ਕੌਰ, ਛੋਟੀ ਬੇਟੀ ਅਵਨੀਤ ਕੌਰ, ਮਾਤਾ ਜਸਵਿੰਦਰ ਕੌਰ, ਭਰਾ ਨੂੰ ਛੱਡ ਗਿਆ ਹੈ। ਪਿੰਡ ਵਾਸੀਆਂ ਨੇ ਗੁਰਪ੍ਰੀਤ ਸਿੰਘ ਦੀ ਦੇਸ਼ ਪ੍ਰਤੀ ਸਮਰਪਣ ਅਤੇ ਸਾਦਗੀ ਭਰੀ ਸ਼ਖਸੀਅਤ ਨੂੰ ਯਾਦ ਕਰਦਿਆਂ ਅੱਥਰੂਆਂ ਨਾਲ ਸ਼ਰਧਾਂਜਲੀ ਦਿੱਤੀ।
ਅੰਤਿਮ ਸੰਸਕਾਰ ਮੌਕੇ ਭਾਰਤੀ ਫੌਜ ਮੇਜ਼ਰ ਰਕੇਸ ਵਰਮਾ ਏਡੀ 712 ਦੀ ਅਗਵਾਈ ਹੇਠ ਫੌਜੀ ਜਵਾਨਾਂ ਨੇ ਸ਼ਹੀਦ ਨੂੰ ਸਲਾਮੀ ਦਿੱਤੀ।ਇਸ ਉਪਰੰਤ ਫੌਜੀ ਅਧਿਕਾਰੀਆਂ ਨੇ ਪੂਰੇ ਫੌਜੀ ਸਨਮਾਨਾਂ ਨਾਲ ਨਾਇਕ ਗੁਰਪ੍ਰੀਤ ਸਿੰਘ ਦੀ ਪਤਨੀ ਗੁਰਪ੍ਰੀਤ ਕੌਰ ਨੂੰ ਤਿਰੰਗਾ ਝੰਡਾ ਅਤੇ ਵਰਦੀ ਸੌਂਪੀ ਗਈ। ਇਸ ਮੌਕੇ ਪਿੰਡ ਵਾਸੀਆਂ ਅਤੇ ਉਸਦੇ ਸਾਥੀਆਂ ਨੇ ਗੁਰਪ੍ਰੀਤ ਸਿੰਘ ਦੀ ਦੇਸ਼ ਪ੍ਰਤੀ ਸਮਰਪਣ ਭਾਵਨਾ ਅਤੇ ਸਾਦਗੀ ਭਰੀ ਸ਼ਖਸੀਅਤ ਨੂੰ ਯਾਦ ਕਰਦਿਆਂ ਅੱਥਰੂਆਂ ਨਾਲ ਸ਼ਰਧਾਂਜਲੀ ਦਿੱਤੀ। ਇਸ ਦੁਖਦਾਈ ਘਟਨਾ ਨੇ ਸਾਰੇ ਖੇਤਰ ਨੂੰ ਸਦਮੇ ਵਿੱਚ ਪਾ ਦਿੱਤਾ, ਉਥੇ ਹੀ ਇੱਕ ਬਹਾਦਰ ਸਪੂਤ ਦੇ ਜਾਣ ਦਾ ਅਫ਼ਸੋਸ ਹਰ ਇੱਕ ਇਨਸਾਨ ਦੇ ਚਿਹਰੇ ਅਤੇ ਮਨ ਵਿੱਚ ਦੇਖਣ ਨੂੰ ਮਿਲਿਆ ਪਰ ਅਫਸੋਸ ਦੀ ਗੱਲ ਇਹ ਵੀ ਰਹੀ ਕਿ ਅੱਜ ਇਸ ਸੋਗਮਈ ਸਮੇਂ ਦੌਰਾਨ ਕੋਈ ਸਿਵਲ ਪ੍ਰਸ਼ਾਸਨਿਕ ਅਧਿਕਾਰੀ ਤੇ ਸਰਕਾਰ ਵਲੋਂ ਕੋਈ ਵੀ ਸਿਆਸੀ ਆਗੂ ਨੇ ਹਾਜ਼ਰੀ ਭਰਨਾ ਜ਼ਰੂਰੀ ਨਹੀ ਸਮਝਿਆ।ਇਸ ਮੌਕੇ ਪਿੰਡ ਵਾਸੀਆਂ ਨੇ ਸ਼ਹੀਦ ਦੀ ਯਾਦਗਾਰ ਬਣਾਉਣ ਤੇ ਉਸਦੀ ਜੀਵਨ ਸਾਥਣ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।