ਨਵੀਂ ਦਿੱਲੀ : ਦਿੱਲੀ ਵਿਚ ਸੁਰੱਖਿਆ ਏਜੰਸੀਆਂ ਨੇ ਅੱਜ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਇਕ ਅੱਤਵਾਦੀ ਸ਼ਬੀਰ ਅਹਿਮਦ ਲੋਨ ਨੂੰ ਦਿੱਲੀ ਸਰਹੱਦ ਤੋਂ ਗ੍ਰਿਫ਼ਤਾਰ ਕੀਤਾ ਹੈ । ਮੁਲਜ਼ਮ ਕੋਲੋਂ ਇਕ ਏਕ 47 ਰਾਈਫ਼ਲ, ਹੈਂਡ ਗ੍ਰਨੇਡ ਸਮੇਤ ਨੇਪਾਲ, ਪਾਕਿਸਤਾਨ ਤੇ ਬੰਗਲਾਦੇਸ਼ ਦੀ ਕਰੰਸੀ ਵੀ ਬਰਾਮਦ ਕੀਤੀ ਗਈ। ਪੁਲਿਸ ਦੇ ਅਨੁਸਾਰ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਉਹ ਬੰਗਲਾਦੇਸ਼ ਤੋਂ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜ਼ਾਮ ਦੇ ਰਿਹਾ ਸੀ।
ਪੁਲਿਸ ਦੇ ਅਨੁਸਾਰ, ਸ਼ਬੀਰ ਦਿੱਲੀ, ਕੋਲਕਾਤਾ ਅਤੇ ਤਾਮਿਲਨਾਡੂ ਵਿੱਚ ਅੱਤਵਾਦੀ ਗਤੀਵਿਧੀਆਂ ਲਈ ਨੌਜਵਾਨਾਂ ਨੂੰ ਭਰਤੀ ਕਰਨ ਦੀ ਤਿਆਰੀ ਕਰ ਰਿਹਾ ਸੀ। ਇਹ ਪੂਰਾ ਨੈੱਟਵਰਕ ਪਾਕਿਸਤਾਨ ਦੀ ਖੁਫੀਆ ਏਜੰਸੀ, ਇੰਟਰ-ਸਰਵਿਸਿਜ਼ ਇੰਟੈਲੀਜੈਂਸ (ISI) ਦੇ ਇਸ਼ਾਰੇ ‘ਤੇ ਕੰਮ ਕਰ ਰਿਹਾ ਸੀ। 2007 ਵਿਚ ਦਿੱਲੀ ਪੁਲਿਸ ਨੇ ਲੋਨ ਨੂੰ ਅੱਤਵਾਦ ਦੇ ਦੋਸ਼ਾਂ ਵਿਚ ਵੀ ਗ੍ਰਿਫ਼ਤਾਰ ਕੀਤਾ ਸੀ । 2019 ਵਿਚ ਜ਼ਮਾਨਤ ਮਿਲਣ ਤੋਂ ਬਾਅਦ ਉਹ ਬੰਗਲਾਦੇਸ਼ ਭੱਜ ਗਿਆ । 26 ਮਾਰਚ ਨੂੰ ਕਾਊਂਟਰ ਇੰਟੈਲੀਜੈਂਸ ਕਸ਼ਮੀਰ ਨੇ ਸ਼ਬੀਰ ਦੇ ਅੱਤਵਾਦੀ ਮਾਡਿਊਲ ਦੀ ਜਾਂਚ ਕਰਨ ਲਈ ਕਸ਼ਮੀਰ ਦੇ ਤਿੰਨ ਜ਼ਿਲ੍ਹਿਆਂ ਗੰਦਰਬਲ, ਸ਼ੋਪੀਆਂ ਅਤੇ ਸ੍ਰੀਨਗਰ ਵਿਚ 10 ਥਾਵਾਂ ‘ਤੇ ਛਾਪੇਮਾਰੀ ਕੀਤੀ।
ਇੰਟੈਲੀਜੈਂਸ ਦੇ ਅਨੁਸਾਰ ਇਹ ਮਾਮਲਾ ਇਕ ਲੈਣ-ਦੇਣ ਵਾਲੇ ਨੈੱਟਵਰਕ ਨਾਲ ਜੁੜਿਆ ਹੋਇਆ ਹੈ, ਜਿਸ ਵਿਚ ਮਾਡਿਊਲ ਬੰਗਲਾਦੇਸ਼ ਅਤੇ ਪਾਕਿਸਤਾਨ ਵਿਚ ਸਥਿਤ ਲਸ਼ਕਰ-ਏ-ਤਾਇਬਾ ਦੇ ਹੈਂਡਲਰਾਂ ਤੋਂ ਨਿਰਦੇਸ਼ ਪ੍ਰਾਪਤ ਕਰ ਰਿਹਾ ਸੀ। ਸੁਰੱਖਿਆ ਏਜੰਸੀਆਂ 2 ਮਹੀਨਿਆਂ ਤੋਂ ਸ਼ਬੀਰ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖ ਰਹੀਆਂ ਸਨ।




