‘ਦਿੱਲੀ : ‘ਆਪ’’ ਸਪਰੀਮੋ ਕੇਜਰੀਵਾਲ ਦਿੱਲੀ ਵਾਸੀਆਂ ਲਈ ‘ਸੰਜੀਵਨੀ’ ਸਕੀਮ ਲੈ ਕੇ ਆਏ ਹਨ ਇਸ ਸਕੀਮ ਅਧੀਨ 60 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਮੁਫਤ ਇਲਾਜ ਹੋਵੇਗਾ। ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਦਿੱਲੀ ਦੇ ਸਾਡੇ ਸਾਰੇ ਬਜ਼ੁਰਗਾਂ ਲਈ ਖ਼ੁਸ਼ਖਬਰੀ ਹੈ। ਦਿੱਲੀ ਵਿੱਚ 60 ਸਾਲ ਤੋਂ ਵੱਧ ਉਮਰ ਦੇ ਸਾਰੇ ਨਾਗਰਿਕਾਂ ਦਾ ਇਲਾਜ ਮੁਫ਼ਤ ਹੋਵੇਗਾ, ਇਹ ਕੇਜਰੀਵਾਲ ਦੀ ਗਾਰੰਟੀ ਹੈ।
ਕੇਜਰੀਵਾਲ ਨੇ ਕਿਹਾ ਕਿ ਬੁਢਾਪੇ ’ਚ ਇੱਕ ਗੱਲ ਸਭ ਨੂੰ ਪਰੇਸ਼ਾਨ ਕਰਦੀ ਹੈ। ਜਿਵੇਂ-ਜਿਵੇਂ ਉਮਰ ਵਧਦੀ ਹੈ, 100 ਬਿਮਾਰੀਆਂ ਸਾਨੂੰ ਘੇਰ ਲੈਂਦੀਆਂ ਹਨ। ਸਭ ਤੋਂ ਵੱਡੀ ਚਿੰਤਾ ਇਲਾਜ ਦੀ ਹੈ। ਮੈਂ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਹਾਂ ਜੋ ਚੰਗੇ ਪਰਿਵਾਰਾਂ ਤੋਂ ਆਉਂਦੇ ਹਨ ਪਰ ਉਨ੍ਹਾਂ ਦੇ ਬੱਚੇ ਉਨ੍ਹਾਂ ਦੀ ਦੇਖਭਾਲ ਨਹੀਂ ਕਰਦੇ। ਉਨ੍ਹਾਂ ਦੱਸਿਆ ਕਿ ਰਾਮਾਇਣ ’ਚ ਇੱਕ ਕਥਾ ਹੈ, ਜਦੋਂ ਲਕਸ਼ਮਣ ਬੇਹੋਸ਼ ਹੋ ਗਏ ਤਾਂ ਹਨੂੰਮਾਨ ਉਨ੍ਹਾਂ ਲਈ ਸੰਜੀਵਨੀ ਜੜੀ ਬੂਟੀ ਲੈ ਕੇ ਆਏ।
ਅੱਜ ਮੈਂ ਦਿੱਲੀ ਸਰਕਾਰ ਦੀ ਬਜ਼ੁਰਗਾਂ ਲਈ ‘‘ਸੰਜੀਵਨੀ’’ ਸਕੀਮ ਦਾ ਐਲਾਨ ਕਰ ਰਿਹਾ ਹਾਂ। 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦਾ ਇਲਾਜ ਮੁਫ਼ਤ ਹੋਵੇਗਾ। ਇਹ ਯੋਜਨਾ ਚੋਣਾਂ ਤੋਂ ਬਾਅਦ ਲਾਗੂ ਕੀਤੀ ਜਾਵੇਗੀ। ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਆਮਦਨ ਸੀਮਾ ਨਹੀਂ ਹੋਵੇਗੀ। ਤੁਹਾਨੂੰ ਇੱਕ ਕਾਰਡ ਮਿਲੇਗਾ, ਤੁਹਾਨੂੰ ਸਿਰਫ਼ ਉਸ ਕਾਰਡ ਨੂੰ ਸੁਰੱਖਿਅਤ ਰੱਖਣਾ ਹੋਵੇਗਾ। ਜਿਵੇਂ ਹੀ ਆਮ ਆਦਮੀ ਪਾਰਟੀ ਚੋਣਾਂ ਜਿੱਤਦੀ ਹੈ, ਸਕੀਮ ਨੂੰ ਪਾਸ ਕਰਕੇ ਲਾਗੂ ਕਰ ਦਿੱਤਾ ਜਾਵੇਗਾ।