ਅੰਮ੍ਰਿਤਸਰ : ਦਮਦਮੀ ਟਕਸਾਲ ਦੇ ਮੁਖੀ ਬਾਬਾ ਰਾਮ ਸਿੰਘ ਖ਼ਾਲਸਾ ਨੇ ਐਲਾਨ ਕੀਤਾ ਹੈ ਕਿ ਦਮਦਮੀ ਟਕਸਾਲ ਹਮ ਖਿਆਲੀ ਜਥੇਬੰਦੀਆਂ ਨਾਲ ਮਿਲ ਕੇ 4 ਮਈ ਨੂੰ ਗੁਰਦਵਾਰਾ ਟੁੱਟੀ ਗੰਢੀ ਸਾਹਿਬ ਤੋਂ ਖ਼ਾਲਸਾ ਵਹੀਰ ਆਰੰਭ ਕੀਤੀ ਜਾਵੇਗੀ। ਇਹ ਵਹੀਰ ਵੱਖ-ਵੱਖ ਪਿੰਡਾਂ ਨਗਰਾਂ ਤੇ ਸ਼ਹਿਰਾਂ ਵਿੱਚੋਂ ਹੁੰਦੀ ਹੋਈ ਸ਼ਾਮ ਤਖ਼ਤ ਸ੍ਰੀ ਦਮਦਮਾ ਸਾਹਿਬ ਪੁੱਜ ਕੇ ਸਮਾਪਤ ਹੋਵੇਗੀ।
ਪੱਤਰਕਾਰਾਂ ਨਾਲ ਗ਼ਲ ਕਰਦਿਆਂ ਗਿਆਨੀ ਰਾਮ ਸਿੰਘ ਖ਼ਾਲਸਾ ਨੇ ਕਿਹਾ ਕਿ 21 ਵੈਸਾਖ 4 ਮਈ ਨੂੰ 40 ਮੁਕਤਿਆਂ ਦਾ ਸ਼ਹੀਦੀ ਦਿਹਾੜਾ ਹੈ। ਪ੍ਰਾਚੀਨ ਤੇ ਵਰਤਮਾਨ ਸ਼ਹੀਦ ਸਿੰਘਾਂ ਨੂੰ ਸਮਰਪਿਤ ਹੁੰਦੇ ਹੋਏ ਹਰ ਪੰਥ ਦਰਦੀ ਨੂੰ ਅਪੀਲ ਹੈ ਕਿ ਪੰਥ ਤੇ ਪੰਜਾਬ ਦੇ ਭਲੇ ਲਈ ਇਸ ਵਹੀਰ ‘ਚ ਸ਼ਾਮਲ ਹੋਵੋ। ਉਨ੍ਹਾਂ ਕਿਹਾ ਕਿ ਅਮ੍ਰਿਤਪਾਲ ਸਿੰਘ ਵਲੋਂ ਪੰਜਾਬ ਵਿਚ ਜੋ ਅੰਮ੍ਰਿਤ ਸੰਚਾਰ ਅਤੇ ਨਸ਼ੇ ਛੁਡਾਉਣ ਦੀ ਲਹਿਰ ਸ਼ੁਰੂ ਕੀਤੀ ਸੀ ਉਸ ਲਹਿਰ ਨੂੰ ਪ੍ਰਚੰਡ ਕਰਨ ਦੀ ਲੋੜ ਹੈ। ਕੁਝ ਕਾਰਨਾਂ ਕਰਕੇ ਉਸ ਲਹਿਰ ਵਿਚ ਖੜੋਤ ਆ ਗਈ ਹੈ। ਇਹ ਫੈਸਲਾ ਕੀਤਾ ਹੈ ਕਿ ਪ੍ਰਚਾਰ ਲਹਿਰ ਨੂੰ ਮੁੜ ਸ਼ੁਰੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਖ਼ਾਲਸਾ ਵਹੀਰ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦਵਾਰਾ ਮੈਨਜਮੈਂਟ ਕਮੇਟੀ ਸਮੇਤ ਪੰਥਕ ਸਖਸ਼ੀਅਤਾਂ ਨੂੰ ਸੱਦਾ ਦਿੱਤਾ ਗਿਆ ਹੈ। ਇਸ ਵਹੀਰ ਵਿਚ ਅਕਾਲੀ ਦਲ ਅੰਮ੍ਰਿਤਸਰ, ਅਮਰ ਸ਼ਹੀਦ ਭਾਈ ਅਮਰੀਕ ਸਿੰਘ ਵੈਲਫੇਅਰ ਸੁਸਾਇਟੀ, ਅਕਾਲ ਯੂਥ ਜਥੇਬੰਦੀ ਸਮੇਤ ਸਮੂਹ ਸਿੱਖ ਜਥੇਬੰਦੀਆਂ ਨੂੰ ਸੱਦਾ ਦਿੱਤਾ ਹੈ।