ਨਵੀਂ ਦਿੱਲੀ : ਦਿੱਲੀ ਤੋਂ ‘ਆਪ’ ਦੀ ਸੰਸਦ ਮੈਂਬਰ ਸਵਾਤੀ ਮਾਲੀਵਾਲ ਨੇ ਮੁੱਖ ਮੰਤਰੀ ਰਿਹਾਇਸ਼ ‘ਚ ਹੋਈ ਕੁੱਟਮਾਰ ਦੇ ਮਾਮਲੇ ਵਿਚ ਦਰਜ FIR ‘ਚ ਆਪਣਾ ਪੱਖ ਰੱਖਿਆ ਹੈ। ਇਸ ਦੌਰਾਨ ਉਸ ਦੀ ਕੁੱਟਮਾਰ ਵੀ ਕੀਤੀ ਗਈ ਤੇ ਉਸ ਦੇ ਰੌਲਾ ਪਾਉਣ ਦੇ ਬਾਵਜੂਦ ਵਿਭਵ ਕੁਮਾਰ ਨਾ ਰੁਕਿਆ ਅਤੇ ਉਸ ਦੀ ਕੁੱਟਮਾਰ ਕਰਦਾ ਰਿਹਾ, ਜਿਸ ਕਾਰਨ ਉਸ ਦਾ ਕੁੜਤਾ ਵੀ ਫਟ ਗਿਆ।
ਢਾਈ ਪੰਨਿਆਂ ਦੀ ਸ਼ਿਕਾਇਤ ‘ਚ ਦਰਜ ਹਨ ਇਹ ਗੱਲਾਂ
ਆਪਣੀ ਢਾਈ ਪੰਨਿਆਂ ਦੀ ਸ਼ਿਕਾਇਤ ਵਿਚ ਉਸ ਨੇ ਦੱਸਿਆ ਕਿ ਜਦੋਂ ਮੈਂ ਸੋਮਵਾਰ ਨੂੰ ਮੁੱਖ ਮੰਤਰੀ ਨਿਵਾਸ ਪਹੁੰਚੀ ਤਾਂ ਕੇਜਰੀਵਾਲ ਘਰ ਵਿਚ ਹੀ ਸਨ। ਮੈਂ ਡਰਾਇੰਗ ਰੂਮ ਵਿਚ ਸੀਐੱਮ ਦਾ ਇੰਤਜ਼ਾਰ ਕਰ ਰਹੀ ਸੀ। ਉਦੋਂ ਸੀਐੱਮ ਦੇ ਪੀਏ (ਨਿੱਜੀ ਸਹਾਇਕ) ਵਿਭਵ ਕੁਮਾਰ ਉਥੇ ਆਇਆ ਤੇ ਗਾਲਾਂ ਕੱਢਣ ਲੱਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਕਾਫੀ ਦੇਰ ਤਕ ਮਾਰ-ਕੁਟਾਈ। ਪੇਟ ਵਿਚ ਲੱਤ ਮਾਰੀ ਤੇ ਹੋਰ ਹਿੱਸਿਆਂ ‘ਤੇ ਵੀ ਸੱਟਾਂ ਮਾਰੀਆਂ। ਮੈਨੂੰ ਇੰਨਾ ਕੁੱਟਿਆ ਗਿਆ ਕਿ ਮੈਂ ਬੇਹੋਸ਼ ਹੋ ਗਈ।
ਪੁਲਿਸ ਨੇ ਇਨ੍ਹਾਂ ਧਾਰਾਵਾਂ ਤਹਿਤ ਕੀਤਾ ਕੇਸ ਦਰਜ
ਇਸ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਵਿਭਵ ਕੁਮਾਰ ਖ਼ਿਲਾਫ਼ ਥਾਣਾ ਸਿਵਲ ਲਾਈਨ ਵਿਚ ਛੇੜਛਾੜ, ਕੁੱਟਮਾਰ, ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਔਰਤਾਂ ਦਾ ਅਪਮਾਨ ਕਰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਨ੍ਹਾਂ ਵਿੱਚੋਂ ਛੇੜਛਾੜ ਗੈਰ-ਜ਼ਮਾਨਤੀ ਧਾਰਾ ਹੈ।
ਸਵਾਤੀ ਦਾ ਹੋਇਆ ਮੈਡੀਕਲ ਤੇ ਰਾਤ ਪੌਣੇ 12 ਵਜੇ ਵਿਭਵ ਦੇ ਘਰ ਪਹੁੰਚੀ ਪੁਲਿਸ
ਜ਼ਿਕਰਯੋਗ ਹੈ ਕਿ ਪੁਲਿਸ ਨੇ ਦੇਰ ਰਾਤ ਏਮਜ਼ ‘ਚ ਸਵਾਤੀ ਦਾ ਮੈਡੀਕਲ ਕਰਵਾਇਆ ਤੇ ਵਿਭਵ ਨੂੰ ਗ੍ਰਿਫਤਾਰ ਕਰਨ ਲਈ ਕਰੀਬ 11:45 ਵਜੇ ਸਿਵਲ ਲਾਈਨ ਸਥਿਤ ਰਿਹਾਇਸ਼ ‘ਤੇ ਪਹੁੰਚੀ ਪਰ ਉਹ ਨਹੀਂ ਮਿਲਿਆ।






