ਚੰਡੀਗੜ੍ਹ : ਸੈਕਟਰ 17 ਸਥਿਤ ਪਰੇਡ ਗਰਾਊਂਡ ’ਚ ਮੰਗਲਵਾਰ ਤੋਂ ਫਾਰਮਾਟੈੱਕ ਐਕਸਪੋ ਅਤੇ ਲੈਬਟੈੱਕ ਐਕਸਪੋ 2023 ਦਾ ਆਗਾਜ਼ ਹੋਇਆ। ਇਸ ਵਿਚ 250 ਫਾਰਮਾ ਕੰਪਨੀਆਂ ਭਾਗ ਲੈ ਰਹੀਆਂ ਹਨ। ਤਿੰਨ ਦਿਨ ਤਕ ਚੱਲਣ ਵਾਲੇ ਇਸ ਐਕਸਪੋ ਨੂੰ ਫਾਰਮਾ ਟੈਕਨਾਲੋਜੀ ਇੰਡੈਕਸ ਡਾਟ ਕਾਮ ਪ੍ਰਾਈਵੇਟ ਲਿਮਟਿਡ ਵੱਲੋਂ ਇੰਜੀਨੀਅਰਿੰਗ ਐਕਸਪੋਰਟ ਪ੍ਰਮੋਸ਼ਨ ਕੌਂਸਲ ਆਫ ਇੰਡੀਆ (ਈਈਪੀਸੀ) ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ।
ਐਕਸਪੋ ਦੇ ਉਦਘਾਟਨ ਸਾਮਗਮ ’ਚ ਆਈਏਐੱਸ ਲਲਿਤ ਜੈਨ, ਵਾਤਾਵਰਨ ਵਿਗਿਆਨ ਅਤੇ ਤਕਨੀਕੀ ਵਿਭਾਗ ਹਿਮਾਚਲ ਪ੍ਰਦੇਸ਼ ਦੇ ਡਾਇਰੈਕਟਰ ਅਰੁਣ ਕੁਮਾਰ ਗਰੋਡੀਆ, ਈਈਪੀਸੀ ਇੰਡੀਆ ਦੇ ਚੇਅਰਮੈਨ ਮਨਮੋਹਨ ਤਨੇਜਾ, ਸਟੇਟ ਡਰੱਗਜ਼ ਕੰਟਰੋਲਰ ਫੂਡ ਐਂਡ ਡਰੱਗਜ਼ ਐਡਮਨਿਸਟ੍ਰੇਸ਼ਨ (ਐੱਫਡੀਏ) ਹਰਿਆਣਾ ਸੰਜੀਵ ਗਰਗ, ਜੁਆਇੰਟ ਕਮਿਸ਼ਨਰ ਡਰੱਗਜ਼ ਪੰਜਾਬ ਪ੍ਰਦੀਪ ਕੁਮਾਰ ਮੱਟੂ, ਸਾਬਕਾ ਜੁਆਇੰਟ ਕਮਿਸ਼ਨਰ ਡਰੱਗਜ਼ ਪੰਜਾਬ ਡਾ. ਰਾਕੇਸ਼ ਸੂਰਜ, ਰੀਜਨਲ ਡਾਇਰੈਕਟਰ ਈਈਪੀਸੀ ਇੰਡੀਆ, ਡਾ. ਰਾਜੇਸ਼ ਗੁਪਤਾ, ਚੇਅਰਮੈਨ ਹਿਮਾਚਲ ਡਰੱਗਜ਼ ਮੈਨੂਫੈਕਚਰਜ਼ ਐਸੋਸੀਏਸ਼ਨ ਰਮੇਸ਼ ਸ਼ਾਹ, ਚੇਅਰਮੈਨ ਫਾਰਮਾ ਟੈਕਨਾਲੋਜੀ ਇੰਡੈਕਸ ਡਾਟ ਕਾਮ ਦੇ ਅਜੇ ਬਾਂਸਲ, ਨੈਸ਼ਨਲ ਚੇਅਰਮੈਨ ਫਾਰਮਾ ਕੁਨੈਕਟ ਆਈਐੱਸਐੱਚਆਰਏਈ ਪੰਕਜ ਸਰੀਨ ਸਮੇਤ ਕਈ ਸੰਗਠਨਾਂ ਦੇ ਪ੍ਰਤੀਨਿਧੀਆਂ ਨੇ ਭਾਗ ਲਿਆ।
ਫਾਰਮਾਟੈੱਕ ਐਕਸਪੋ ’ਚ ਫਾਰਮਾ ਮਸ਼ੀਨਰੀ, ਫਾਰਮੂਲੇਸ਼ਨ, ਨਿਊਟ੍ਰਾਸਿਊਟੀਕਲ, ਲੈਬ, ਐਨਾਲਿਟੀਕਲ ਅਤੇ ਪੈਕੇਜਿੰਗ ਇਕਵਿਪਮੈਂਟ ਦੀ ਪ੍ਰਦਰਸ਼ਨੀ ਲਗਾਈ ਗਈ ਹੈ। ਇਸ ਵਿਚ ਹੈਲਥ ਕੇਅਰ ਅਤੇ ਫਾਰਮਾ ਮਸ਼ੀਨਰੀ ਦੀ ਆਧੁਨਿਕ ਤਕਨੀਕ ਨੂੰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਐਕਸਪੋ ਲਈ ਸਟਾਲ ਲਗਾਏ ਗਏ ਹਨ ਜਿਨ੍ਹਾਂ ਵਿਚ 250 ਤੋਂ ਵੱਧ ਕੰਪਨੀਆਂ ਦਵਾਈਆਂ ਅਤੇ ਫਾਰਮਾਸਿਊਟੀਕਲ ਉਤਪਾਦਾਂ ਦੇ ਉਤਪਾਦਨ ਲਈ ਮਸ਼ੀਨਰੀ ਪ੍ਰਦਰਸ਼ਿਤ ਕੀਤੀ ਗਈ ਹੈ।
ਆਈਏਐੱਸ ਲਲਿਤ ਜੈਨ ਨੇ ਕਿਹਾ ਕਿ ਈਈਪੀਸੀ ਭਾਰਤ (ਵਣਜ ਤੇ ਉਦਯੋਗ ਮੰਤਰਾਲਾ, ਭਾਰਤ ਸਰਕਾਰ) ਦੇ ਸਹਿਯੋਗ ਨਾਲ ਫਾਰਮਾਟੈੱਕ ਪ੍ਰਦਰਸ਼ਨੀ ਨਵੇਂ ਅਤੇ ਬਿਹਤਰ ਨਿਰਮਾਣ ਦੇ ਤਰੀਕਿਆਂ ਦਾ ਪਤਾ ਲਗਾਉਣ ਲਈ ਦਵਾਈ, ਸਿਹਤ ਤੇ ਲੈਬੋਰਟਰੀ ਉਪਕਰਨ ਨਿਰਮਾਤਾਵਾਂ ਲਈ ਬਿਹਤਰੀਨ ਪਲੇਟਫਾਰਮ ਦੇ ਰੂਪ ਵਿਚ ਕੰਮ ਕਰਦੀ ਹੈ।