ਰੋਹਤਕ : ਹਰਿਆਣਾ ਦੇ ਰੋਹਤਕ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਮਹਿਮ ਇਲਾਕੇ ਦੇ ਪਿੰਡ ਮਦੀਨਾ ਗੰਧਰਨ ਦੇ ਤਲਾਅ ’ਚ ਨਹਾਉਣ ਗਏ ਦੋ ਬੱਚਿਆਂ ਦੀ ਡੁੱਬਣ ਕਾਰਨ ਮੌਤ ਹੋ ਗਈ। ਦੋਵੇਂ ਬੱਚੇ ਤੀਜੀ ਜਮਾਤ ’ਚ ਪੜ੍ਹਦੇ ਸਨ। ਡੁੱਬਣ ਵਾਲੇ ਬੱਚਿਆਂ ਦੀ ਪਹਿਚਾਣ 8 ਸਾਲ ਆਦੀ ਵਾਸੀ ਮਦੀਨਾ ਪਿੰਡ ਤੇ ਦੂਜਾ ਬੱਚਾ ਬਿਹਾਰ ਦਾ ਰਹਿਣ ਵਾਲਾ ਆਦਿਤਿਆ ਦੱਸਿਆ ਜਾ ਰਿਹਾ ਹੈ।
ਆਦਿ ਦੇ ਦਾਦਾ ਜੈ ਭਗਵਾਨ ਨੇ ਦੱਸਿਆ ਕਿ ਸਕੂਲ ਤੋਂ ਬਾਅਦ ਇਹ ਬੱਚੇ ਨਹਾਉਣ ਲਈ ਘਰ ਦੀ ਬਜਾਏ ਸਿੱਧੇ ਗਿਰਾਵੜ ਰੋਡ ’ਤੇ ਸਥਿਤ ਤਲਾਅ ’ਚ ਚਲੇ ਗਏ। ਉਸ ਨੇ ਦੱਸਿਆ ਕਿ ਇੱਕ ਪਿੰਡ ਵਾਸੀ ਤਲਾਅ ਕੋਲੋਂ ਲੰਘ ਰਿਹਾ ਸੀ। ਉਸ ਨੇ ਤਲਾਅ ਨੇੜੇ ਕੱਪੜੇ ਪਏ ਵੇਖੇ ਤੇ ਇੱਕ ਬੱਚੇ ਨੂੰ ਪਾਣੀ ’ਤੇ ਤੈਰਦੇ ਵੇਖਿਆ। ਉਸ ਨੇ ਪੁਲਿਸ ਨੂੰ ਸੂਚਿਤ ਕੀਤਾ, ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਦੋਵਾਂ ਬੱਚਿਆਂ ਨੂੰ ਪਾਣੀ ’ਚੋਂ ਬਾਹਰ ਕੱਢਿਆ। ਉਦੋਂ ਤੱਕ ਦੋਵਾਂ ਬੱਚਿਆਂ ਦੀ ਪਛਾਣ ਨਹੀਂ ਹੋ ਸਕੀ ਸੀ।
ਪੁਲਿਸ ਨੇ ਪਛਾਣ ਲਈ ਦੋਵਾਂ ਬੱਚਿਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਪੋਸਟ ਕੀਤੀਆਂ ਹਨ। ਦੋਵਾਂ ਬੱਚਿਆਂ ਦੀ ਪਛਾਣ ਕਰੀਬ 8 ਵਜੇ ਹੋਈ। ਦੋਵਾਂ ਨੂੰ ਪੋਸਟ ਮਾਰਟਮ ਲਈ ਪੀਜੀਆਈ ਦੇ ਮੁਰਦਾਘਰ ’ਚ ਰੱਖਿਆ ਗਿਆ ਹੈ। ਪੁਲਿਸ ਅਨੁਸਾਰ ਦੋਵਾਂ ਬੱਚਿਆਂ ਦੇ ਸਰੀਰ ’ਤੇ ਸੱਟ ਆਦਿ ਦੇ ਕੋਈ ਨਿਸ਼ਾਨ ਨਹੀਂ ਹਨ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਵਾਂ ਦੀ ਮੌਤ ਡੁੱਬਣ ਕਾਰਨ ਹੋਈ ਹੋ ਸਕਦੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਦੋਵਾਂ ਬੱਚਿਆਂ ਦੀਆਂ ਲਾਸ਼ਾਂ ਦਾ ਐਤਵਾਰ ਨੂੰ ਪੋਸਟਮਾਰਟਮ ਕਰਵਾਇਆ ਜਾਵੇਗਾ।