ਮੋਗਾ : ਮੋਗਾ ਜ਼ਿਲ੍ਹੇ ਦੇ ਦੁੱਨੇਕੇ ਨੇੜੇ ਇੱਕ ਬੇਸਹਾਰਾ ਪਸ਼ੂ ਨਾਲ ਬਾਈਕ ਦੀ ਟੱਕਰ ਹੋਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਉਸ ਦਾ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਕਰੀਬ ਢਾਈ ਮਹੀਨੇ ਪਹਿਲਾਂ ਹੀ ਦੁਬਈ ਤੋਂ ਵਾਪਸ ਆਇਆ ਸੀ। ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।
ਗੁਆਂਢੀ ਜਗਤਾਰ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਦਾ ਰਹਿਣ ਵਾਲਾ ਰਵਿੰਦਰ ਕੁਮਾਰ ਆਪਣੇ ਰਿਸ਼ਤੇਦਾਰ ਨਾਲ ਮੋਟਰਸਾਈਕਲ ’ਤੇ ਘੱਲਕਲਾਂ ਗਿਆ ਸੀ। ਜਦੋਂ ਉਹ ਦੁੱਨੇਕੇ ਨੇੜੇ ਪਹੁੰਚਿਆ ਤਾਂ ਬਾਈਕ ਅੱਗੇ ਬੇਸਹਾਰਾ ਪਸ਼ੂ ਆ ਗਿਆ। ਜਿਸ ਕਾਰਨ ਉਹ ਬਾਈਕ ਤੋਂ ਡਿੱਗ ਗਿਆ ਅਤੇ ਸਵਾਰ ਰਵਿੰਦਰ ਕੁਮਾਰ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਉਸ ਦਾ ਰਿਸ਼ਤੇਦਾਰ ਜ਼ਖ਼ਮੀ ਹੋ ਗਿਆ। ਉਸ ਨੇ ਦੱਸਿਆ ਕਿ ਰਵਿੰਦਰ ਕੁਮਾਰ ਕਰੀਬ ਢਾਈ ਮਹੀਨੇ ਪਹਿਲਾਂ ਹੀ ਦੁਬਈ ਤੋਂ ਆਇਆ ਸੀ ਅਤੇ ਹੁਣ ਉਸ ਨੇ ਵਾਪਸ ਦੁਬਈ ਜਾਣਾ ਸੀ। ਉਸ ਦੇ ਦੋ ਛੋਟੇ ਬੱਚੇ ਹਨ, ਜਿਨ੍ਹਾਂ ਵਿਚ ਬੇਟਾ 4 ਸਾਲ ਅਤੇ ਬੇਟੀ 8 ਸਾਲ ਦੀ ਹੈ।
ਜਾਂਚ ਅਧਿਕਾਰੀ ਏ.ਐਸ.ਆਈ ਅਜੀਤ ਸਿੰਘ ਨੇ ਦੱਸਿਆ ਕਿ ਹਰਿੰਦਰ ਕੁਮਾਰ ਨੇ ਸਾਨੂੰ ਇਤਲਾਹ ਦਿੱਤੀ ਸੀ ਕਿ ਉਸ ਦੇ ਦੋਵੇਂ ਜੀਜਾ ਬਾਈਕ ‘ਤੇ ਘੱਲਕਲਾਂ ਤੋਂ ਚੂਹੜਚੱਕ ਨੂੰ ਵਾਪਸ ਜਾ ਰਹੇ ਸਨ। ਜਦੋਂ ਉਹ ਪਿੰਡ ਦੁੱਨੇਕੇ ਨੇੜੇ ਪਹੁੰਚੇ ਤਾਂ ਅਚਾਨਕ ਉਨ੍ਹਾਂ ਦੇ ਮੋਟਰਸਾਈਕਲ ਅੱਗੇ ਇਕ ਬੇਸਹਾਰਾ ਪਸ਼ੂ ਆ ਗਿਆ। ਜਿਸ ਕਾਰਨ ਦੋਵੇਂ ਸੜਕ ‘ਤੇ ਡਿੱਗ ਗਏ। ਰਵਿੰਦਰ ਕੁਮਾਰ ਦੀ ਗੰਭੀਰ ਸੱਟਾਂ ਕਾਰਨ ਇਲਾਜ ਦੌਰਾਨ ਮੌਤ ਹੋ ਗਈ। ਮੇਰਾ ਦੂਜਾ ਜੀਜਾ ਰਿੰਕੂ ਸ਼ਰਮਾ ਜ਼ਖ਼ਮੀ ਹੋ ਗਿਆ। ਪੁਲਿਸ ਨੇ ਸ਼ਿਕਾਇਤ ‘ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।