ਰੂਪਨਗਰ : ਰੂਪਨਗਰ ਇਕ ਡਾਇਗਨੋਸਟਿਕ ਸੈਂਟਰ ’ਚ ਇਕ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਲਾਸ਼ ਬੁਰੀ ਨਾਲ ਝੁਲਸੀ ਹੋਈ ਮਿਲੀ ਹੈ। ਅਜੇ ਤੱਕ ਮੌਤ ਅਤੇ ਹਾਦਸੇ ਦੇ ਕਾਰਨਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ, ਜਦਕਿ ਪੁਲਿਸ ਅਤੇ ਫੋਰੈਂਸਿਕ ਟੀਮਾਂ ਜਾਂਚ ਵਿਚ ਜੁਟੀਆਂ ਹੋਈਆਂ ਹਨ। ਮ੍ਰਿਤਕ ਦੀ ਪਛਾਣ 25 ਸਾਲਾ ਮਨੀਸ਼ ਪੁੱਤਰ ਮਦਨ ਲਾਲ ਵਾਸੀ ਰਾਜਸਥਾਨ ਵਜੋਂ ਹੋਈ ਹੈ ਅਤੇ ਮ੍ਰਿਤਕ ਇਸ ਸੈਂਟਰ ’ਚ ਪਿਛਲੇ ਇਕ ਸਾਲ ਤੋਂ ਕੰਮ ਕਰ ਰਿਹਾ ਸੀ।
ਮਿਲੀ ਜਾਣਕਾਰੀ ਅਨੁਸਾਰ ਇਹ ਨੌਜਵਾਨ ਇਥੇ ਲੋਕਾਂ ਦੇ ਟੈਸਟ ਕਰਦਾ ਸੀ ਅਤੇ ਰਾਤ ਦੇ ਸਮੇਂ ਇਸ ਦੀ CT ਸਕੈਨ ਮਸ਼ੀਨ ਵਾਲੇ ਕਮਰੇ ’ਚ ਮੌਤ ਹੋ ਗਈ। ਇਸ ਕਮਰੇ ਵਿਚ AC ਵੀ ਸੜੇ ਹੋਏ ਦੱਸੇ ਗਏ, ਜਿਸ ਤੋਂ ਇਹ ਘਟਨਾ ਕਥਿਤ ਰੂਪ ’ਚ ਸ਼ਾਰਟ ਸਰਕਿਟ ਕਾਰਨ ਹੋ ਸਕਦੀ ਹੈ ਪਰ ਸੈਂਟਰ ਦੇ ਇਸ ਕਮਰੇ ਤੋਂ ਇਲਾਵਾ ਸੈਂਟਰ ਵਿਚ ਹੋਰ ਕਿਧਰੇ ਵੀ ਕੋਈ ਨੁਕਸਾਨ ਨਹੀਂ ਹੋਇਆ ਹੈ।
ਇਸ ਦੇ ਚੱਲਦਿਆਂ ਪੁਲਿਸ ਜਾਂਚ ਕਰ ਰਹੀ ਹੈ ਕਿ ਇਹ ਮੌਤ ਕਿਸ ਤਰ੍ਹਾਂ ਹੋਈ ਹੈ। ਮ੍ਰਿਤਕ ਦੇ ਕੋਲ ਟੈਸਟ ਕਰਨ ਦਾ ਕੋਈ ਮਾਨਤਾ ਪ੍ਰਾਪਤ ਸਰਟੀਫਿਕੇਟ ਸੀ ਜਾਂ ਨਹੀਂ ਇਹ ਵੀ ਜਾਂਚ ਦਾ ਵਿਸ਼ਾ ਹੈ ਜਦਕਿ ਸੈਂਟਰ ਵਿਚ ਫਾਇਰ ਅਤੇ ਹੋਰ ਸੁਰੱਖਿਆ ਪ੍ਰਬੰਧਾਂ ਦੀ ਸਥਿਤੀ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਸਨ, ਜਿਸ ਲਈ ਪੁਲਿਸ ਨੇ ਜਾਂਚ ਕਰਨ ਦੀ ਗੱਲ ਆਖੀ ਹੈ। ਇਸ ਮੌਕੇ ਸਿਟੀ ਥਾਣਾ ਦੇ SHO ਪਵਨ ਕੁਮਾਰ ਨੇ ਦੱਸਿਆ ਕਿ ਘਟਨਾ ਦੀ ਪੁਲਿਸ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।