ਅੰਮ੍ਰਿਤਸਰ: ਜੱਸਾ ਸਿੰਘ ਰਾਮਗੜ੍ਹੀਆ ਦੀ ਤੀਜੀ ਸ਼ਤਾਬਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਡੇ ਪੱਧਰ ’ਤੇ ਮਨਾ ਰਹੀ ਹੈ, ਜਿਸ ਦੀ ਮਿਸਾਲ ਪੁਰਾਤਨ ਦਿੱਖ ਨਾਲ ਮੁੜ ਤਿਆਰ ਹੋਇਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੌਜੂਦ ‘ਬੁੰਗਾ ਰਾਮਗੜ੍ਹੀਆ’ ਹੈ। ਇਸ ਬੁੰਗੇ ਨੂੰ 5 ਮਈ ਸ਼ਤਾਬਦੀ ਵਾਲੇ ਦਿਨ ਤੋਂ ਪਹਿਲਾਂ ਸੰਗਤਾਂ ਲਈ ਖੋਲ੍ਹ ਦਿੱਤਾ ਜਾਵੇਗਾ। ਸਮੇਂ ਦੇ ਢੱਲਦਿਆਂ ਅਤੇ ਜੂਨ 1984 ਦੇ ਫ਼ੌਜੀ ਹਮਲੇ ਤੋਂ ਬਾਅਦ ਨੁਕਸਾਨੇ ਗਏ ‘ਬੁੰਗਾ ਰਾਮਗੜ੍ਹੀਆ’ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਫੈੱਡਰੇਸ਼ਨ ਅੰਮ੍ਰਿਤਸਰ ਦੀ ਸਲਾਹ ਨਾਲ ਪੁਰਾਤਨ ਦਿਖ ਦੇਣ ਲਈ ਵੱਖ-ਵੱਖ ਸਮੇਂ ਵਿਚ ਹੁਣ ਤੱਕ ਚਾਰ ਭਾਗਾਂ ਵਿਚ ਸੇਵਾ ਕਰਵਾ ਕੇ ਸੰਗਤਾਂ ਦੇ ਦੇਖਣ ਲਈ ਤਿਆਰ ਕਰ ਦਿੱਤਾ ਹੈ, ਜਿਸ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ।
ਹੈਰੀਟੇਜ ਕੰਜ਼ਰਵੇਸ਼ਨ ਮੈਨੇਜਮੈਂਟ ਸਰਵਿਸਿਜ਼ ਦਿੱਲੀ ਵੱਲੋਂ ਇਸ ਕੰਮ ਨੂੰ ਜੰਗੀ ਪੱਧਰ ’ਤੇ ਕੀਤਾ ਜਾ ਰਿਹਾ ਹੈ। ਇਸ ਕੰਪਨੀ ਦੇ ਡਾਇਰੈਕਟਰ ਮਨਿੰਦਰ ਸਿੰਘ ਗਿੱਲ ਤੇ ਸਟ੍ਰਕਚਰ ਮਾਹਿਰ ਰਾਕੇਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਪਿਛਲੇ ਤਕਰੀਬਨ 25 ਸਾਲ ਤੋਂ ਇਤਿਹਾਸਕ ਇਮਾਰਤਾਂ ਦੀ ਸੰਭਾਲ ਲਈ ਕੰਮ ਕਰ ਰਹੀ ਹੈ, ‘ਬੁੰਗਾ ਰਾਮਗੜ੍ਹੀਆ’ ਦੀ ਪੁਰਾਤਨ ਦਿੱਖ ਨਾਲ ਸੰਭਾਲ ਕਰਦਿਆ ਜੋ ਢਾਂਚੇ ’ਚ ਖਵੋਤ ਆਈ ਸੀ ਉਸ ਨੂੰ ਹੂ-ਬ-ਹੂ ਬਣਾਉਣ ਲਈ ਇਤਿਹਾਸ ਨੂੰ ਧਿਆਨ ਵਿਚ ਰੱਖਦਿਆ ਮੁੜ ਤਿਆਰ ਕੀਤਾ ਗਿਆ ਹੈ। ਲੰਗਰ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਲ ‘ਬੁੰਗਾ ਰਾਮਗੜ੍ਹੀਆ’ ਵਿਚ ਜਾਣ ਲਈ ਰਸਤਾ ਰੱਖਿਆ ਗਿਆ ਹੈ। ਬੁੰਗੇ ਦੇ ਮੁੱਖ ਦੁਆਰਾ ਦੇ ਨਾਲ ਹੀ ਬੁੰਗੇ ਦੇ ਹੇਠਾਂ ਜਾਣ ਲਈ ਇਕ ਪਾਸੇ ਪੌੜੀਆਂ ਹਨ, ਜੋ ਬੁੰਗੇ ਦੇ ਅੰਦਰ ਲੈ ਕੇ ਜਾਣ ਲਈ ਹੈ। ਤਿੰਨ ਮੰਜ਼ਿਲਾ ਬੁੰਗੇ ਵਿਚ ਸਿੰਘਾਸਨ ਦੀ ਉਚਾਈ ਸ੍ਰੀ ਹਰਿਮੰਦਰ ਸਾਹਿਬ ਤੋਂ ਕਾਫ਼ੀ ਨੀਵੀਂ ਹੈ, ਜੋ ਗੁਰੂ ’ਤੇ ਵਿਸ਼ਵਾਸ, ਨਿਮਰਤਾ, ਨਿਰਮਾਣ ਕਲਾ ਦੇ ਗਿਆਨ ਅਤੇ ਵਿਉਂਤਬੰਦੀ ਦੀ ਗਵਾਹੀ ਭਰਦੀ ਹੈ। ਬੁੰਗੇ ’ਚ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਸਿੰਘਾਸਨ ਦਾ ਸਥਾਨ ਤੇ ਸਾਹਮਣੇ ਮਾਲਖਾਨਾ ਅਤੇ ਕੈਦੀਆਂ ਲਈ ਕਾਲ ਕੋਠੜੀ ਸਿੰਘਾਸਨ ਦੇ ਥੱਲੇ ਹੈ। ਦਰਬਾਰੀਆਂ, ਅਹਿਲਕਾਰਾਂ ਅਤੇ ਜਰਨੈਲਾਂ ਦੇ ਬੈਠਣ ਲਈ ਇਕ ਵੱਡਾ ਦੀਵਾਨ ਹਾਲ ਹੈ, ਜਿਸ ਦੇ ਇਕ ਪਾਸੇ ਖੂਹ ਹੈ, ਇਥੇ ਪੰਜ ਕਮਰੇ ਹਨ। ਬਾਹਰ ਆਉਣ ਲਈ ਵੱਖਰਾ ਰਸਤਾ ਅਤੇ ਇਕ ਰਸਤਾ ਵਿਚਕਾਰ ਮੁਸ਼ਕਿਲ ਪੈਦਾ ਹੋਣ ਦੀ ਸਥਿਤੀ ਵਿਚ ਵਰਤਨ ਲਈ ਹੈ।