ਤਲਵੰਡੀ ਸਾਬੋ (ਬਠਿੰਡਾ) : ਤਖ਼ਤ ਸ੍ਰੀ ਦਮਦਮਾ ਸਾਹਿਬ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਵਾਰ ਮੁੜ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਦੇ ਸਾਹਮਣੇ ਸਰੰਡਰ ਕਰਨ ਲਈ ਕਿਹਾ ਹੈ। ਤਖ਼ਤ ਸ੍ਰੀ ਦਮਦਮਾ ਸਾਹਿਬ ’ਚ ਸ਼ੁੱਕਰਵਾਰ ਨੂੰ ਮੀਡੀਆ ਜ਼ਰੀਏ ਸਿੱਖਾਂ ਦਾ ਅਕਸ ਖ਼ਰਾਬ ਕਰਨ ਦੇ ਵਿਸ਼ੇ ’ਤੇ ਗਿਆਨੀ ਹਰਪ੍ਰੀਤ ਸਿੰਘ ਨੇ ਮੀਡੀਆ ਨਾਲ ਵਿਚਾਰ ਵਟਾਂਦਰਾ ਕੀਤਾ। ਇਸ ਦੌਰਾਨ ਗ਼ੈਰ ਰਸਮੀ ਗੱਲਬਾਤ ’ਚ ਉਨ੍ਹਾਂ ਇਹ ਗੱਲ ਕਹੀ।
ਤਲਵੰਡੀ ਸਾਬੋ ’ਚ ਚੱਪੇ-ਚੱਪੇ ’ਤੇ ਸੁਰੱਖਿਆ ਮੁਲਾਜ਼ਮ ਤਾਇਨਾਤ ਰਹੇ। ਫਲੈਗ ਮਾਰਚ ਕੱਢਿਆ ਗਿਆ। ਤਖ਼ਤ ਸਾਹਿਬ ਦੇ ਕੰਪਲੈਕਸ ਦੇ ਅੰਦਰ ਆਉਣ ਵਾਲੇ ਸਾਰੇ ਗੇਟਾਂ ’ਤੇ ਵੀ ਭਾਰੀ ਸੁਰੱਖਿਆ ਦਸਤੇ ਤਾਇਨਾਤ ਸਨ। ਅਸਲ ’ਚ ਪਹਿਲਾਂ ਇਹ ਸੰਭਾਵਨਾ ਪ੍ਰਗਟਾਈ ਜਾ ਰਹੀ ਸੀ ਕਿ ਇੱਥੇ ਅੰਮ੍ਰਿਤਪਾਲ ਸਿੰਘ ਸਰੰਡਰ ਕਰ ਦੇਵੇਗਾ, ਪਰ ਇਸ ਤਰ੍ਹਾਂ ਨਹੀਂ ਹੋਇਆ। ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਨੇ ਇਨ੍ਹਾਂ ਗੱਲਾਂ ਨੂੰ ਬੇਬੁਨਿਆਦ ਦੱਸਿਆ। ਇਸ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਵਿਚਾਰ ਵਟਾਂਦਰੇ ’ਚ ਆਪਣੇ ਸੰਬੋਧਨ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਨਾਰਾਜ਼ ਨਜ਼ਰ ਆਏ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਝੰਡੇ ਨੂੰ ਖਾਲਿਸਤਾਨ ਦਾ ਝੰਡਾ ਤੇ ਉਨ੍ਹਾਂ ਦੇ ਰਾਜ ਦੇ ਨਕਸ਼ੇ ਨੂੰ ਖਾਲਿਸਤਾਨ ਦੇ ਨਕਸ਼ਾ ਦੱਸ ਕੇ ਸਿੱਖਾਂ ਦਾ ਅਕਸ ਖ਼ਰਾਬ ਕੀਤਾ ਜਾ ਰਿਹਾ ਹੈ। ਜਥੇਦਾਰ ਨੇ ਕਿਹਾ ਕਿ ਮੈਂ 27 ਮਾਰਚ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਬੁੱਧੀਜੀਵੀਆਂ ਤੇ ਸਮਾਜ ਦੇ ਹੋਰ ਵਰਗਾਂ ਦੀ ਬੈਠਕ ’ਚ ਐੱਸਜੀਪੀਸੀ ਨੂੰ ਅਜਿਹੇ ਲੋਕਾਂ ਖ਼ਿਲਾਫ਼ ਕੇਸ ਦਰਜ ਕਰਵਾਉਣ ਲਈ ਕਿਹਾ ਸੀ, ਪਰ ਹੁਣ ਮੇਰੇ ’ਤੇ ਹੀ ਦਬਾਅ ਪਾਇਆ ਜਾ ਰਿਹਾ ਕਿ ਕੇਸ ਰਹਿਣ ਦਿਓ। ਉਨ੍ਹਾਂ ਕਿਹਾ ਕਿ ਇਹ ਅੱਤ ਨਿੰਦਾਯੋਗ ਹੈ। ਮੈਂ ਅੱਜ ਮੁੜ ਐੱਸਜੀਪੀਸੀ ਨੂੰ ਕਹਿ ਰਿਹਾ ਹਾਂ ਕਿ ਅਜਿਹੇ ਲੋਕਾਂ ਖ਼ਿਲਾਫ਼ ਕੇਸ ਦਰਜ ਕਰਵਾਓ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਖੰਨਾ ਦੀ ਐੱਸਐੱਸਪੀ ਅਵਨੀਤ ਕੌਰ ਨੇ ਪ੍ਰੈੱਸ ਕਾਨਫਰੰਸ ’ਚ ਇਹ ਝੰਡਾ, ਨਕਸ਼ਾ ਤੇ ਡਾਲਰ ਮੀਡੀਆ ਨੂੰ ਦਿਖਾਏ ਸਨ। ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਖ਼ਾਲਸਾ ਸਾਜਨਾ ਦਿਹਾੜਾ ਤਖ਼ਤ ਸ੍ਰੀ ਦਮਦਮਾ ਸਾਹਿਬ ’ਤੇ ਬਹੁਤ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ’ਚ 10-15 ਲੱਖ ਲੋਕ ਸ਼ਿਰਕਤ ਕਰਦੇ ਹਨ। ਕੱਲ੍ਹ ਸ਼ਹਿਰ ’ਚ ਫਲੈਗ ਮਾਰਚ ਕੱਢਿਆ ਗਿਆ ਤੇ ਅੱਜ ਚੱਪੇ-ਚੱਪੇ ’ਤੇ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਇਹ ਨਿੰਦਾਯੋਗ ਹੈ। ਪੰਜਾਬ ਦੇ ਮਾਹੌਲ ਨੂੰ ਵਿਗੜਿਆ ਪੇਸ਼ ਕੀਤਾ ਜਾ ਰਿਹਾ ਹੈ, ਜਦਕਿ ਪੰਜਾਬ ’ਚ ਬਿਲਕੁਲ ਸ਼ਾਂਤੀ ਹੈ। ਜਥੇਦਾਰ ਨ ੇਕਿਾਹ ਕਿ ਸਰਕਾਰਾਂ ਪੰਜਾਬ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀਆਂ ਹਨ, ਜੋ ਸੰਭਵ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਮਿਜ਼ੋਰਮ ਤੇ ਨਾਗਾਲੈਂਡ ਦੇ ਲੋਕਾਂ ਨਾਲ ਬੈਠ ਕੇ ਗੱਲ ਕੀਤੀ ਜਾ ਸਕਦੀ ਹੈ ਤਾਂ ਸਾਡੇ ਨਾਲ ਕਿਉਂ ਨਹੀਂ। ਉੱਧਰ ਵਿਸਾਖੀ ’ਤੇ ਸੂਬੇ ਭਰ ’ਚ ਹੋਣ ਵਾਲੇ ਪ੍ਰੋਗਰਾਮਾਂ ਦੇ ਮੱਦੇਨਜ਼ਰ ਡੀਜੀਪੀ ਨੇ ਸਾਰੇ ਪੁਲਿਸ ਮੁਲਾਜ਼ਮਾਂ ਦੀਆਂ 14 ਅਪ੍ਰੈਲ ਤੱਕ ਛੁੱਟੀਆਂ ਰੱਦ ਕਰ ਦਿੱਤੀਆਂ ਹਨ।






