ਪਟਿਆਲਾ : ਚੰਡੀਗੜ੍ਹ ਦੇ ਸਰਕਾਰੀ ਮੈਡੀਕਲ ਕਾਲਜ ਦੀਆਂ ਲਾਇਬਰੇਰੀ ਸਹੂਲਤਾਂ ਪੰਜਾਬ ਦੇ ਸਰਕਾਰੀ ਮੈਡੀਕਲ ਕਾਲਜਾਂ ’ਚ ਮਿਲਣ ਵਾਲੀਆਂ ਸਹੂਲਤਾਂ ਤੋਂ ਬਿਹਤਰ ਹਨ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਲਾਇਬ੍ਰੇਰੀ ਅਤੇ ਸੂਚਨਾ ਵਿਗਿਆਨ ਵਿਭਾਗ ਦੀ ਵਿਦਿਆਰਥਣ ਅਨਾਮਿਕਾ ਵੱਲੋਂ ਡਾ. ਤ੍ਰਿਸ਼ਨਜੀਤ ਕੌਰ ਦੀ ਅਗਵਾਈ ’ਚ ਕੀਤੇ ਖੋਜ ਕਾਰਜ ਰਾਹੀਂ ਇਹ ਨੁਕਤੇ ਉੱਭਰ ਕੇ ਸਾਹਮਣੇ ਆਏ ਹਨ। ਇਸ ਖੋਜ ਕਾਰਜ ’ਚ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਚੰਡੀਗੜ੍ਹ, ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ, ਸਰਕਾਰੀ ਮੈਡੀਕਲ ਕਾਲਜ ਫ਼ਰੀਦਕੋਟ ਅਤੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਨੂੰ ਅਧਿਐਨ ਖੇਤਰ ਦਾ ਵਿਸ਼ਾ ਬਣਾਇਆ ਗਿਆ। ਖੋਜਾਰਥੀ ਅਨਾਮਿਕਾ ਨੇ ਦੱਸਿਆ ਹੈ ਕਿ ਇਸ ਖੋਜ ਲਈ ਪੰਜਾਬ ਅਤੇ ਚੰਡੀਗੜ੍ਹ ਦੇ ਚਾਰ ਸਰਕਾਰੀ ਮੈਡੀਕਲ ਕਾਲਜਾਂ ਦੇ 600 ਐੱਮਬੀਬੀਐੱਸ ਵਿਦਿਆਰਥੀਆਂ ਨੂੰ ਚੁਣਿਆ ਗਿਆ ਸੀ, ਜਿਨ੍ਹਾਂ ’ਚੋਂ 492 ਵਿਦਿਆਰਥੀਆਂ ਵੱਲੋਂ ਪੂਰੀ ਤਰ੍ਹਾਂ ਭਰੀਆਂ ਪ੍ਰਸ਼ਨਾਵਲੀਆਂ ਨੂੰ ਵਿਸ਼ਲੇਸ਼ਣ ਲਈ ਚੁਣਿਆ ਗਿਆ। ਇਸ ਸੰਬੰਧੀ ਨਮੂਨੇ ਵਜੋਂ ਇੱਕ ਪਾਇਲਟ ਸਰਵੇਖਣ ਕੀਤਾ ਗਿਆ ਸੀ, ਜਿਸ ਤੋਂ ਬਾਅਦ ਚੁਣੇ ਗਏ ਕਾਲਜਾਂ ਦੇ ਵਿਦਿਆਰਥੀਆਂ ਅਤੇ ਲਾਇਬੇ੍ਰਰੀਅਨਾਂ / ਲਾਇਬੇ੍ਰਰੀ ਇੰਚਾਰਜਾਂ ਲਈ ਦੋ ਪ੍ਰਸ਼ਨਾਵਲੀਆਂ ਦੇ ਸੈੱਟ ਤਿਆਰ ਕੀਤੇ ਗਏ। ਉਨ੍ਹਾਂ ਦੱਸਿਆ ਕਿ 492 ਵਿਦਿਆਰਥੀਆਂ ਵਿੱਚੋਂ 63.4 ਫ਼ੀਸਦੀ ਨੋਟਿਸ ਤਿਆਰ ਕਰਨ ਅਤੇ ਸਿਰਫ਼ 7.3 ਫੀਸਦੀ ਵਿਦਿਆਰਥੀ ਮਨੋਰੰਜਨ ਲਈ ਲਾਇਬ੍ਰੇਰੀ ਜਾ ਰਹੇ ਹਨ ਅਤੇ ਲਗਭਗ 67.8 ਫ਼ੀਸਦੀ ਵਿਦਿਆਰਥੀਆਂ ਨੇ ਚੰਡੀਗੜ੍ਹ ਵਿਖੇ ਲਾਇਬੇ੍ਰਰੀ ਤੋਂ ਆਨਲਾਈਨ ਰਸਾਲੇ ਅਤੇ ਈ-ਸ੍ਰੋਤਾਂ ਤੱਕ ਪਹੁੰਚ ਕੀਤੀ, 58.8 ਫ਼ੀਸਦੀ ਨੇ ‘ਪੱਬਮੈੱਡ’ ਦੀ ਵਰਤੋਂ ਕੀਤੀ ਹੈ,ਜੋ ਮੁਫ਼ਤ ਮੈਡੀਕਲ ਖੋਜ ਇੰਜਣ ਹੈ। ਇਸ ਦੇ ਮੁਕਾਬਲੇ ‘ਮੈੱਡਸਕੇਪ’ ੂਨੂੰ ਬਹੁਤ ਘੱਟ ਵਰਤੋਂ ’ਚ ਲਿਆਂਦਾ ਗਿਆ। ਇਨ੍ਹਾਂ ਵਿਦਿਆਰਥੀਆਂ ’ਚੋਂ 66.9 ਫ਼ੀਸਦੀ ਈ-ਰਸਾਲਿਆਂ ਦੀ ਵਰਤੋਂ ਕਰ ਰਹੇ ਹਨ।
ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਚੰਡੀਗੜ੍ਹ ਦੇ 95.2 ਫ਼ੀਸਦੀ ਵਿਦਿਆਰਥੀ ਆਪਣੀ ਲਾਇਬੇ੍ਰਰੀ ਦੀਆਂ ਸੁਵਿਧਾਵਾਂ ਤੋਂ ਸੰਤੁਸ਼ਟ ਅਤੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦੇ 89.3 ਫੀਸਦੀ ਵਿਦਿਆਰਥੀ ਆਪਣੀ ਲਾਇਬੇ੍ਰਰੀ ਤੋਂ ਅਸੰਤੁਸ਼ਟ ਹਨ।
ਇਸ ਖੋਜ ਤੋਂ ਪ੍ਰਾਪਤ ਨਤੀਜਿਆਂ ’ਚ ਇਹ ਸਾਹਮਣੇ ਆਇਆ ਕਿ ਚੰਡੀਗੜ੍ਹ ਸਥਿਤ ਮੈਡੀਕਲ ਕਾਲਜ ਦੀਆਂ ਲਾਇਬ੍ਰੇਰੀ ਸਹੂਲਤਾਂ ਪੰਜਾਬ ਵਿਚਲੇ ਬਾਕੀ ਤਿੰਨਾਂ ਮੈਡੀਕਲ ਕਾਲਜਾਂ ਵਿਚਲੀਆਂ ਸਹੂਲਤਾਂ ਤੋਂ ਬਿਹਤਰ ਹਨ। ਅੰਮ੍ਰਿਤਸਰ ਅਤੇ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜਾਂ ਦੇ ਜ਼ਿਆਦਾਤਰ ਵਿਦਿਆਰਥੀਆਂ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਦੀਆਂ ਲਾਇਬੇ੍ਰਰੀਆਂ ’ਚ ਆਈਸੀਟੀ ਦੇ ਬੁਨਿਆਦੀ ਢਾਂਚੇ ਅਤੇ ਨਵੀਨਤਮ ਇਲੈਕਟ੍ਰਾਨਿਕ ਸੂਚਨਾ ਸ੍ਰੋਤਾਂ ਦੀ ਘਾਟ ਹੈ। ਇਸ ਖੇਤਰ ਦੇ ਜ਼ਿਆਦਤਰ ਲਾਇਬਰੇਰੀ ਵਰਤੋਂਕਾਰ ਆਈਸੀਟੀ ਦੀ ਹੀ ਵਰਤੋਂ ਕਰ ਰਹੇ ਹਨ ਜੋ ਇਲੈਕਟ੍ਰਾਨਿਕ ਸ੍ਰੋਤਾਂ ਤੋਂ ਜਾਣਕਾਰੀ ਲੈਂਦੇ ਹਨ। ਇਨ੍ਹਾਂ ’ਚ ਈ-ਜਰਨਲ, ਮੈਡੀਕਲ ਡੈਟਾਬੇਸ, ਮੈਡੀਕਲ ਵੈਬਸਾਈਟਾਂ, ਵੈਬ ਪੋਰਟਲ ਆਦਿ ਦੀ ਵਰਤੋਂ ਕਰਨ ਨੂੰ ਤਰਜੀਹ ਦਿੱਤੀ ਜਾਂਦੀ ਹੈ। ਚਾਰੇ ਮੈਡੀਕਲ ਕਾਲਜਾਂ ਦੇ ਸਾਰੇ ਉੱਤਰਦਾਤਾ ਡੇਟਾਬੇਸ ਮੇਡਲਾਈਨ, ਪਬਮੈੱਡ, ਮੈਡੀਕਲ ਮੈਟ੍ਰਿਕਸ ਅਤੇ ਮੈਡਸਕੇਪ ਦੀ ਵਰਤੋਂ ਕਰ ਰਹੇ ਸਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਪ੍ਰੋ.ਅਰਵਿੰਦ ਵੱਲੋਂ ਇਸ ਖੋਜ ਕਾਰਜ ਦੀ ਸ਼ਲਾਘਾ ਕਰਦਿਆਂ ਨਿਗਰਾਨ ਅਤੇ ਖੋਜਾਰਥੀ ਨੂੰ ਵਿਸ਼ੇਸ਼ ਵਧਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਰਕਾਰੀ ਮੈਡੀਕਲ ਕਾਲਜਾਂ ਦੀ ਲਾਇਬੇ੍ਰਰੀ ਨੀਤੀ ਨੂੰ ਸਮੇਂ ਦੀ ਮੰਗ ਅਨੁਸਾਰ ਤਬਦੀਲ ਕਰਨ ਦੇ ਇਸ ਖੋਜ ਕਾਰਜ ’ਚੋਂ ਪ੍ਰਾਪਤ ਅੰਕੜੇ ਮਹੱਤਵਪੂਰਨ ਸਾਬਿਤ ਹੋ ਸਕਦੇ ਹਨ।