ਘਟਦੀ-ਵਧਦੀ ਵੋਟ ਫ਼ੀਸਦੀ ਵਿਚਾਲੇ ਪੰਜਾਬ ’ਚ ਬਸਪਾ ਦੀ ਭੂਮਿਕਾ ਅਹਿਮ, ਸੂਬੇ ਦੀਆਂ ਤਿੰਨ ਸੀਟਾਂ ‘ਤੇ ਨਤੀਜੇ ਕਰ ਸਕਦੀ ਹੈ ਪ੍ਰਭਾਵਿਤ

Share on facebook
Facebook
Share on twitter
Twitter
Share on whatsapp
WhatsApp
Share on pinterest
Pinterest
Share on linkedin
LinkedIn

ਜਲੰਧਰ : ਪੰਜਾਬ ’ਚ ਬਸਪਾ ਦੀ ਘਟਦੀ-ਵਧਦੀ ਵੋਟ ਫ਼ੀਸਦੀ ਵਿਚਾਲੇ ਇਸਦੀ ਭੂਮਿਕਾ ਅਹਿਮ ਹੋ ਗਈ ਹੈ। ਉੱਤਰ ਪ੍ਰਦੇਸ਼ ਵਰਗੇ ਵੱਡੇ ਸੂਬੇ ’ਚ ਸਰਕਾਰ ਤੱਕ ਬਣਾਉਣ ਵਾਲੀ ਬਸਪਾ ਨੂੰ ਪੰਜਾਬ ’ਚ ਪੱਛੜੇ ਵਰਗ ਦਾ ਸਮਰਥਨ ਲਗਾਤਾਰ ਘੱਟ-ਵੱਧ ਹੋ ਰਿਹਾ ਹੈ ਪਰ ਪਿਛਲੀ ਵਾਰ ਨਾਲੋਂ ਇਸ ਵਿਚ ਸੁਧਾਰ ਆਇਆ ਹੈ। ਇਹ ਸੂਬੇ ਦੀਆਂ 13 ਸੀਟਾਂ ’ਚੋਂ ਕਿਸੇ ਇਕ ਵੀ ਸੀਟ ’ਤੇ ਜਿੱਤ ਹਾਸਲ ਕਰ ਸਕਦੀ ਹੈ, ਇਸ ਵਿਚ ਕੋਈ ਸ਼ੱਕ ਨਹੀਂ ਪਰ ਇਸ ’ਚ ਵੀ ਕੋਈ ਦੋਰਾਏ ਨਹੀਂ ਕਿ ਇਹ ਤਿੰਨ-ਚਾਰ ਸੀਟਾਂ ’ਤੇ ਸਿਆਸੀ ਸਮੀਕਰਨ ਵਿਗਾੜਨ ਦੀ ਹਾਲਤ ’ਚ ਹੈ। ਕਾਂਸ਼ੀਰਾਮ ਨੇ ਪੰਜਾਬ ’ਚ ਹੀ ਬਸਪਾ ਦਾ ਗਠਨ ਕੀਤਾ ਤੇ 1992 ਦੀਆਂ ਲੋਕ ਸਭਾ ਚੋਣਾਂ ’ਚ ੁਪਾਰਟੀ ਨੇ 12 ਸੀਟਾਂ ’ਤੇ ਉਮੀਦਵਾਰ ਉਤਾਰੇ ਪਰ ਮੋਹਨ ਸਿੰਘ ਫਲੀਆਂਵਾਲਾ ਨੇ ਹੀ ਫਿਰੋਜ਼ਪੁਰ ਸੀਟ ਤੋਂ ਜਿੱਤ ਦਰਜ ਕੀਤੀ। ਇਸ ਸਾਲ ਬਸਪਾ ਦੀ ਵੋਟ ਫੀਸਦੀ 19.71 ਰਹੀ ਸੀ। ਵਿਧਾਨ ਸਭਾ ਚੋਣਾਂ ’ਚ 105 ਸੀਟਾਂ ’ਤੇ ਚੋਣ ਲੜੀ ਸੀ ਤੇ ਨੌਂ ’ਤੇ ਜਿੱਤ ਦਰਜ ਕਰ ਕੇ ਪਹਿਲੀ ਵਾਰ ਵਿਧਾਨ ਸਭਾ ’ਚ ਦਾਖ਼ਲ ਹੋਈ। ਬਸਪਾ ਦਾ ਮਜ਼ਬੂਤ ਆਧਾਰ ਦੇਖ ਕੇ ਸ਼੍ਰੋਮਣੀ ਅਕਾਲੀ ਦਲ ਨੇ ਉਸ ਨਾਲ ਸਮਝੌਤਾ ਕਰ ਲਿਆ। 1992 ਦੀਆਂ ਚੋਣਾਂ ’ਚ ਪਾਰਟੀ ਨੇ ਆਪਣਾ ਦਾਇਰਾ ਵਧਾਇਆ ਤੇ 16 ਸੂਬਿਆਂ ’ਚ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ। ਪੰਜਾਬ ਤੋਂ ਇਲਾਵਾ ਪਾਰਟੀ ਨੇ ਉੱਤਰ ਪ੍ਰਦੇਸ਼ ’ਚ ਛੇ ਤੇ ਮੱਧ ਪ੍ਰਦੇਸ਼ ’ਚ ਦੋ ਸੀਟਾਂ ਜਿੱਤੀਆਂ ਸਨ। ਉਸਦੇ 11 ਮੈਂਬਰ ਸੰਸਦ ’ਚ ਗਏ ਸਨ। ਇਹੀ ਬਸਪਾ ਦਾ ਸੁਨਹਿਰਾ ਦੌਰ ਮੰਨਿਆ ਜਾਂਦਾ ਹੈ। ਇਸ ਵਾਰ ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਸਮਝੌਤਾ ਕਰ ਲਿਆ, ਜਿਸ ਕਾਰਨ ਬਸਪਾ ਨਾਲ ਉਸਦਾ ਗੱਠਜੋੜ ਟੁੱਟ ਗਿਆ ਸੀ। ਹੋਰ ਸਿਆਸੀ ਪਾਰਟੀਆਂ ਵੱਲੋਂ ਸੰਗਠਿਤ ਹੋਏ ਅਨੁਸੂਚਿਤ ਜਾਤੀ/ਪੱਛੜੇ ਵਰਗ ਨੂੰ ਆਪਣੇ ਨਾਲ ਜੋੜਨ ਲਈ ਵਿੰਗ ਬਣਾਉਣੇ ਸ਼ੁਰੂ ਕਰ ਦਿੱਤੇ। ਉਧਰ, ਅਕਾਲੀ ਦਲ ਨਾਲ ਗੱਠਜੋੜ ਟੁੱਟਣ ਕਾਰਨ ਬਸਪਾ ਦਾ ਆਧਾਰ ਘੱਟਣਾ ਸ਼ੁਰੂ ਹੋ ਗਿਆ। ਬਸਪਾ ਸੁਪਰੀਮੋ ਬਾਬੂ ਕਾਂਸ਼ੀਰਾਮ ਦਾ ਵਧੇਰੇ ਧਿਆਨ ਉੱਤਰ ਪ੍ਰਦੇਸ਼ ਤੇ ਕੇਂਦਰੀ ਸਿਆਸਤ ’ਤੇ ਕੇਂਦਰਿਤ ਹੋਣ ਲੱਗਾ, ਜਿਸ ਨਾਲ ਪਾਰਟੀ ਦਾ ਪ੍ਰਭਾਵ ਵੀ ਪ੍ਰਭਾਵਿਤ ਹੋਣ ਲੱਗਾ। 1996 ਦੀਆਂ ਲੋਕ ਸਭਾ ਚੋਣਾਂ ’ਚ 9.4 ਫੀਸਦੀ ਵੋਟ ਮਿਲੀ ਸੀ। 1998 ਦੀਆਂ ਲੋਕ ਸਭਾ ਚੋਣਾਂ ’ਚ ਬਸਪਾ ਨੇ ਪੰਜਾਬ ’ਚ ਸਿਰਫ ਚਾਰ ਸੀਟਾਂ ’ਤੇ ਚੋਣ ਲੜੀ, ਪਰ ਜਿੱਤ ਕਿਸੇ ’ਤੇ ਵੀ ਦਰਜ ਨਾ ਹੋ ਸਕੀ। ਵੋਟ ਫ਼ੀਸਦੀ ਜ਼ਰੂਰ 12.6 ਹੋ ਗਈ। ਹਾਰ ਦਾ ਸਿਲਸਿਲਾ 2004 ਦੀਆਂ ਲੋਕ ਸਭਾ ਚੋਣਾਂ ’ਚ ਵੀ ਜਾਰੀ ਰਿਹਾ, ਦੂਜਾ ਵੋਟ ਫ਼ੀਸਦੀ ਘੱਟ ਕੇ 7.7 ਫੀਸਦੀ ਹੋ ਗਈ। 2009 ਦੀਆਂ ਸੰਸਦੀ ਚੋਣਾਂ ’ਚ ਬਸਪਾ ਦਾ ਵੋਟ ਬੈਂਕ ਫਿਰ ਘੱਟ ਕੇ 5.75 ਫ਼ੀਸਦੀ ਰਹਿ ਗਿਆ। 2014 ’ਚ ਇਹ ਅੰਕੜਾ 1.91 ਫੀਸਦੀ ਰਹਿ ਗਿਆ।

ਪਿਛਲੀਆਂ ਚੋਣਾਂ ’ਚ ਵਧੀ ਉਮੀਦ

2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਸੂਬੇ ’ਚ ਪੰਜਾਬ ਡੈਮੋਕ੍ਰੇਟਿਕ ਗੱਠਜੋੜ (ਪੀਡੀਏ) ਕਾਇਮ ਹੋਇਆ, ਜਿਸ ਵਿਚ ਬਸਪਾ ਤੋਂ ਇਲਾਵਾ ਸੁਖਪਾਲ ਸਿੰਘ ਖਹਿਰਾ ਦੀ ਪੰਜਾਬ ਜਨਤਾ ਪਾਰਟੀ, ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ, ਸੀਪੀਆਈ, ਆਰਐੱਮਪੀਓਆਈ ਤੇ ਧਰਮਵੀਰ ਗਾਂਧੀ ਦੀ ‘ਨਵਾਂ ਪੰਜਾਬ ਪਾਰਟੀ’ ਸ਼ਾਮਲ ਸੀ। ਇਸ ਗੱਠਜੋੜ ਤਹਿਤ ਬਸਪਾ ਨੇ ਤਿੰਨ ਸੀਟਾਂ ’ਤੇ ਚੋਣ ਲੜੀ ਪਰ ਉਹ ਹਾਰ ਗਈ ਪਰ ਵੋਟ ਫ਼ੀਸਦੀ ਵੱਧ ਕੇ 3.49 ਹੋ ਗਈ।

ਵੰਡ ਦੇ ਬਾਵਜੂਦ ਹੈ ਪ੍ਰਭਾਵਸ਼ਾਲੀ

ਬਸਪਾ ’ਚ ਕਈ ਵਾਰ ਵੰਡ ਹੋਈ, ਪਰ ਇਸਦਾ ਪ੍ਰਭਾਵ ਹਾਲੇ ਵੀ ਕਾਇਮ ਹੈ। ਸਭ ਤੋਂ ਪਹਿਲਾਂ ਦੇਵੀ ਦਾਸ ਨਾਹਰ ਨੇ ਬਸਪਾ ਤੋਂ ਵੱਖ ਹੋ ਕੇ ਬਸਪਾ ਅੰਬੇਡਕਰ ਦਾ ਗਠਨ ਕੀਤਾ। ਉਸ ਤੋਂ ਬਾਅਦ ਪਵਨ ਟੀਨੂੰ ਨੇ ਬਹੁਜਨ ਸਮਾਜ ਕ੍ਰਾਂਤੀ ਪਾਰਟੀ ਬਣਾਈ ਤੇ ਫਿਰ ਸਤਨਾਮ ਸਿੰਘ ਕੈਂਥ ਨੇ ਬਹੁਜਨ ਸਮਾਜ ਮੋਰਚਾ ਦਾ ਗਠਨ ਕੀਤਾ। ਪਰ ਦਲਿਤ ਸਮਾਜ ਦੇ ਇਕ ਵੱਡੇ ਵਰਗ ਦਾ ਹਾਲੇ ਵੀ ਬਸਪਾ ’ਚ ਹੀ ਵਿਸ਼ਵਾਸ ਹੈ। ਪਿਛਲੇ ਕੁਝ ਸਮੇਂ ਤੋਂ ਇਹ ਕੈਡਰ ਦੁਬਾਰਾ ਸਰਗਰਮ ਹੋ ਗਿਆ ਹੈ ਤੇ ਬਹੁਕੋਣੀ ਮੁਕਾਬਲੇ ’ਚ ਨਤੀਜੇ ਪ੍ਰਭਾਵਿਤ ਕਰ ਸਕਦਾ ਹੈ।

ਸਭ ਤੋਂ ਵੱਧ ਦਲਿਤ ਹਨ ਪੰਜਾਬ ’ਚ

ਪੰਜਾਬ ’ਚ ਬਸਪਾ ਦਾ ਗ੍ਰਾਫ਼ ਹੇਠਾਂ ਡਿੱਗਦਾ ਜਾ ਰਿਹਾ ਹੈ ਪਰ ਫਿਰ ਵੀ ਸੂਬੇ ਦੀ ਸਿਆਸੀ ਸ਼ਤਰੰਜ ’ਚ ਕੁਝ ਅਜਿਹੇ ਪ੍ਰਭਾਵਸ਼ਾਲੀ ਮੋਹਰੇ ਹਨ, ਜੋ ਕਿਸੇ ਵੀ ਪਾਰਟੀ ਦੀ ਖੇਡ ਨੂੰ ਸੰਵਾਰਨ ਜਾਂ ਵਿਗਾੜਨ ਦਾ ਕੰਮ ਕਰ ਸਕਦੇ ਹਨ। ਪੂਰੇ ਦੇਸ਼ ’ਚ ਪੰਜਾਬ ਹੀ ਇਕਮਾਤਰ ਅਜਿਹਾ ਸੂਬਾ ਹੈ, ਜਿਥੇ ਦਲਿਤਾਂ ਦੀ ਗਿਣਤੀ ਸਭ ਤੋਂ ਵੱਧ ਹੈ। ਇਥੇ 32 ਫ਼ੀਸਦੀ ਦਲਿਤ ਹਨ। ਸੂਬੇ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ’ਤੇ ਇਸ ਵਾਰ ਬਹੁਕੋਣੀ ਮੁਕਾਬਲਾ ਹੋ ਰਿਹਾ ਹੈ, ਕਿਉਂਕਿ ਕਾਂਗਰਸ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਆਪਣੇ ਬਲਬੂਤੇ ਚੋਣਾਂ ਲੜ ਰਹੀਆਂ ਹਨ। ਦੋਆਬਾ ਖੇਤਰ ਦੀਆਂ ਦੋ ਸੀਟਾਂ ਜਲੰਧਰ, ਹੁਸ਼ਿਆਰਪੁਰ ਤੇ ਸ੍ਰੀ ਅਨੰਦਪੁਰ ਸਾਹਿਬ ’ਚ ਪਾਰਟੀ ਦਾ ਮਜ਼ਬੂਤ ਕੈਡਰ ਹੈ। ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰਨ ’ਚ ਸਮਰੱਥ ਹੈ। ਹੋਰਨਾਂ ਸੀਟਾਂ ’ਤੇ ਦੂਜੀਆਂ ਪਾਰਟੀਆਂ ਦਾ ਸਿਆਸੀ ਸਮੀਕਰਨ ਵਿਗਾੜ ਸਕਦਾ ਹੈ। ਮੌਜੂਦਾ ਚੋਣ ’ਚ ਪਾਰਟੀ ਨੇ ਸਾਰੀਆਂ ਸੀਟਾਂ ’ਤੇ ਉਮੀਦਵਾਰ ਖੜ੍ਹੇ ਕਰ ਦਿੱਤੇ ਹਨ।

ਬਸਪਾ ਦੀ ਮਜ਼ਬੂਤੀ ਨਾਲ ਇਸ ਲਈ ਹੋਵੇਗਾ ਭਾਜਪਾ ਨੂੰ ਫਾਇਦਾ

ਦਰਅਸਲ, ਸੂਬੇ ਦੀ ਦਲਿਤ ਆਬਾਦੀ ਵਧੇਰੇ ਪੇਂਡੂ ਖੇਤਰਾਂ ’ਚ ਹੈ, ਜਿਥੇ ਮੁੱਖ ਤੌਰ ’ਤੇ ਮੁਕਾਬਲਾ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ’ਚ ਹੈ। ਸ਼ਹਿਰੀ ਖੇਤਰਾਂ ’ਚ ਹਿੰਦੂ ਬਹੁਤਾਤ ਵਾਲੀ ਆਬਾਦੀ ਹੈ, ਜਿਥੇ ਭਾਜਪਾ ਦੀ ਹਾਲਤ ਪਹਿਲਾਂ ਨਾਲੋਂ ਚੰਗੀ ਹੈ। ਅਕਾਲੀ ਦਲ ਦਾ ਵੀ ਆਧਾਰ ਪਿੰਡਾਂ ਖਾਸ ਕਰਕੇ ਕਿਸਾਨਾਂ ’ਚ ਹੈ। ਬਸਪਾ ਦਾ ਆਧਾਰ ਵੀ ਪਿੰਡਾਂ ’ਚ ਮਜ਼ਬੂਤ ਹੈ ਤਾਂ ਪੇਂਡੂ ਖੇਤਰਾਂ ’ਚ ਸਿੱਧਾ-ਸਿੱਧਾ ਚਾਰ ਹਿੱਸਿਆਂ ’ਚ ਵੋਟ ਵੰਡੀ ਗਈ ਹੈ, ਜਿਸਦਾ ਲਾਭ ਭਾਜਪਾ ਨੂੰ ਹੋਵੇਗਾ। ਪਿੰਡਾਂ ’ਚ ਘੱਟਗਿਣਤੀ ਹਿੰਦੂ ਪਹਿਲਾਂ ਤੋਂ ਹੀ ਭਾਜਪਾ ਨਾਲ ਹਨ ਇਸ ਲਈ ਬਸਪਾ ਦਾ ਪਿੰਡਾਂ ’ਚ ਮਜ਼ਬੂਤ ਹੋਣਾਂ ਭਾਜਪਾ ਦੇ ਹਿੱਤ ’ਚ ਰਹੇਗਾ।

ਜਲੰਧਰ : 2019 ਦੀ ਚੋਣ ’ਚ ਜਲੰਧਰ ਤੋਂ ਉਮੀਦਵਾਰ ਬਲਵਿੰਦਰ ਕੁਮਾਰ ਨੇ 2,04,783 ਵੋਟਾਂ ਹਾਸਲ ਕੀਤੀਆਂ ਸਨ ਤੇ ਇਸ ਵਾਰ ਵੀ ਉਹੀ ਮੈਦਾਨ ’ਚ ਹਨ। ਖੇਤਰ ’ਚ ਕੁੱਲ ਵੋਟਰ ਕਰੀਬ 16.39 ਲੱਖ ਹਨ। ਅਨੁਸੂਚਿਤ ਜਾਤੀ ਦੇ ਵੋਟਰਾਂ ਦੀ ਆਬਾਦੀ 39 ਫ਼ੀਸਦੀ ਤੋਂ ਵੱਧ ਹੋਣ ਕਾਰਨ ਇਹ ਅਨੁਸੂਚਿਤ ਜਾਤੀ ’ਚ ਰਾਖਵੀਂ ਹੈ। ਇਸ ਵਾਰ ਸ਼੍ਰੋਮਣੀ ਅਕਾਲੀ ਦਲ, ਭਾਜਪਾ, ਕਾਂਗਰਸ ਤੇ ਆਮ ਆਦਮੀ ਪਾਰਟੀ ਆਪਣੇ ਦਮ ’ਤੇ ਚੋਣ ਲੜ ਰਹੀਆਂ ਹਨ। ਜੇ ਪਿਛਲੇ ਸਾਲ ਹੋਈ ਲੋਕ ਸਭਾ ਦੀ ਜ਼ਿਮਨੀ ਚੋਣ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਉਮੀਦਵਾਰ ਨੇ ਕਰੀਬ 58000 ਵੋਟਾਂ ਹਾਸਲ ਕੀਤੀਆਂ ਸਨ ਤੇ ਉਸਦੀ ਵੋਟ ਫੀਸਦੀ ਵਧੀ ਸੀ। ਜੇ ਬਸਪਾ ਉਮੀਦਵਾਰ ਦੋ ਜਾਂ ਢਾਈ ਲੱਖ ਦੇ ਕਰੀਬ ਵੋਟ ਹਾਸਲ ਕਰਦਾ ਹੈ ਤਾਂ ਇਸਦਾ ਨੁਕਸਾਨ ਕਾਂਗਰਸ ਤੇ ਆਪ ਨੂੰ ਹੋਵੇਗਾ ਤੇ ਭਾਜਪਾ ਨੂੰ ਫਾਇਦਾ ਮਿਲ ਸਕਦਾ ਹੈ। ਕਿਉਂਕਿ ਪੰਜਾਬ ’ਚ ਇਹ ਮੰਨਿਆ ਜਾਂਦਾ ਹੈ ਕਿ ਦਲਿਤ ਵੋਟਰਾਂ ਦਾ ਝੁਕਾਅ ਮੁੱਢਲੇ ਤੌਰ ’ਤੇ ਕਾਂਗਰਸ ਵੱਲ ਰਹਿੰਦਾ ਹੈ, ਅਜਿਹੇ ’ਚ ਬਸਪਾ ਵੋਟ ਕੱਟਣ ਵਾਲੀ ਪਾਰਟੀ ਵਜੋਂ ਕਾਂਗਰਸ ਨੂੰ ਹੀ ਨੁਕਸਾਨ ਪਹੁੰਚਾਵੇਗੀ।

ਹੁਸ਼ਿਆਰਪੁਰ : 2019 ’ਚ ਹੁਸ਼ਿਆਰਪੁਰ ਲੋਕ ਸਭਾ ਖੇਤਰ ਤੋਂ ਬਸਪਾ ਉਮੀਦਵਾਰ ਖੁਸ਼ੀ ਰਾਮ ਨੇ 1,28,564 ਵੋਟਾਂ ਹਾਸਲ ਕੀਤੀਆਂ ਸਨ। ਇਥੋਂ ਭਾਜਪਾ ਨੇ ਅਕਾਲੀ ਦਲ ਨਾਲ ਗੱਠਜੋੜ ਤਹਿਤ ਸੀਟ ਜਿੱਤੀ ਸੀ। ਇਸ ਵਾਰ ਇਥੋਂ ਬਸਪਾ ਨੇ ਰਾਕੇਸ਼ ਸੁਮਨ ਨੂੰ ਉਮੀਦਵਾਰ ਬਣਾਇਆ ਹੈ। ਉਨ੍ਹਾਂ ਦਾ ਇਸ ਖੇਤਰ ’ਚ ਦਲਿਤ ਵੋਟਰਾਂ ’ਤੇ ਚੰਗਾ ਪ੍ਰਭਾਵ ਹੈ। ਜੇ ਬਸਪਾ ਉਮੀਦਵਾਰ ਡੇਢ-ਦੋ ਲੱਖ ਦੇ ਕਰੀਬ ਵੋਟਾਂ ਹਾਸਲ ਕਰਦਾ ਹੈ ਤਾਂ ਇਸਦਾ ਫਾਇਦਾ ਭਾਜਪਾ ਨੂੰ ਹੋਵੇਗਾ ਕਿਉਂਕਿ ‘ਆਪ’ ਉਮੀਦਵਾਰ ਕਾਂਗਰਸ ਛੱਡ ਕੇ ਆਉਣ ਵਾਲਾ ਵਿਧਾਇਕ ਹੈ ਤੇ ਕਾਂਗਰਸ ਵੱਲੋਂ ਐਲਾਨੇ ਉਮੀਦਵਾਰ ਯਾਮਿਨੀ ਗੋਮਰ ਪਹਿਲਾਂ ‘ਆਪ’ ਵੱਲੋਂ ਇਸ ਖੇਤਰ ’ਚ ਚੋਣ ਲੜ ਚੁੱਕੀ ਹੈ, ਜਿਨ੍ਹਾਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਜਿਹੇ ’ਚ ਇਸ ਖੇਤਰ ’ਚ ਬਸਪਾ ਜਿੰਨੀਆਂ ਵੱਧ ਵੋਟਾਂ ਹਾਸਲ ਕਰੇਗੀ, ਉਨਾ ਉਸਦਾ ਫਾਇਦਾ ਭਾਜਪਾ ਨੂੰ ਹੋਵੇਗਾ।

ਸ੍ਰੀ ਅਨੰਦਪੁਰ ਸਾਹਿਬ : ਲੋਕ ਸਭਾ ਖੇਤਰ ਸ੍ਰੀ ਅਨੰਦਪੁਰ ਸਾਹਿਬ ਤੋਂ 2019 ’ਚ ਬਸਪਾ ਉਮੀਦਵਾਰ ਸੋਢੀ ਵਿਕਰਮ ਸਿੰਘ ਨੇ 1,45,441 ਵੋਟਾਂ ਹਾਸਲ ਕੀਤੀਆਂ ਸਨ। ਇਸ ਵਾਰ ਇਥੋਂ ਬਸਪਾ ਨੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੂੰ ਚੋਣਾਵੀ ਮੈਦਾਨ ’ਚ ਉਤਾਰਿਆ ਹੈ, ਜੋ ਇਸੇ ਖੇਤਰ ਨਾਲ ਸਬੰਧਤ ਹਨ। ਸੂਬਾ ਪ੍ਰਧਾਨ ਤੇ ਸਥਾਨਕ ਵਾਸੀ ਹੋਣ ਕਾਰਨ ਗੜ੍ਹੀ ਦੀ ਸਥਿਤੀ ਮਜ਼ਬੂਤ ਹੈ। ਕਾਂਗਰਸ ਨੇ ਵਿਜੇਇੰਦਰ ਸਿੰਗਲਾ ਨੂੰ ਮੈਦਾਨ ’ਚ ਉਤਾਰਿਆ ਹੈ, ਜਿਸਦਾ ਨੁਕਸਾਨ ਉਸਨੂੰ ਝੱਲਣਾ ਪੈ ਸਕਦਾ ਹੈ। ਅਕਾਲੀ ਦਲ ਦੀ ਸਥਿਤੀ ਉਂਝ ਵੀ ਠੀਕ ਨਹੀਂ ਚੱਲ ਰਹੀ ਤੇ ਬਸਪਾ ਦੀ ਮਜ਼ਬੂਤ ਦਾਅਵੇਦਾਰੀ ਕਾਰਨ ਭਾਜਪਾ ਉਮੀਦਵਾਰ ਨੂੰ ਇਸਦਾ ਲਾਭ ਮਿਲਣਾ ਤੈਅ ਮੰਨਿਆ ਜਾ ਰਿਹਾ ਹੈ।

ਇਸ ਤਰ੍ਹਾਂ ਘੱਟ-ਵੱਧ ਰਹੀ ਹੈ ਵੋਟ ਫ਼ੀਸਦੀ

1996 9.4

1998 12.6

1999 3.8

2004 7.7

2009 5.75

2014 1.91

2019 3.49

Related Articles

ਅੱਜ ਦਾ ਮੁੱਖਵਾਕ

ਧਾਰਮਿਕ ਵਿਚਾਰ

ਅੱਜ ਦਾ ਵਿਚਾਰ

ਪੰਜਾਬੀ ਚੁਟਕਲੇ

Best Newspaper

About Us

Prime Uday is a Web Channel with Daily Newspaper in Punjab and other north India Regions.

Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

follow us

Contact Us

+91 94171-36821

© 2026 Prime Uday. All Rights Reserved | Designed by BringBrandOn.