ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਮਾਰੀ ਨੇ ਪੂਰੀ ਦੁਨੀਆ ‘ਚ ਭਿਆਨਕ ਤਬਾਹੀ ਮਚਾਈ ਸੀ, ਜਿਸ ਨੂੰ ਲੋਕ ਅੱਜ ਤਕ ਭੁੱਲ ਨਹੀਂ ਸਕੇ ਹਨ। ਅੱਜ ਵੀ ਲੋਕ ਕੋਰੋਨਾਵਾਇਰਸ ਮਹਾਮਾਰੀ ਦੇ ਉਸ ਦੌਰ ਨੂੰ ਯਾਦ ਕਰ ਕੇ ਡਰ ਜਾਂਦੇ ਹਨ। ਭਾਵੇਂ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਦੇ ਮਾਮਲਿਆਂ ‘ਚ ਕਮੀ ਆਈ ਹੈ, ਪਰ ਇਹ ਵਾਇਰਸ ਅਜੇ ਵੀ ਸਾਡੇ ਵਿਚਕਾਰ ਮੌਜੂਦ ਹੈ ਤੇ ਸਮੇਂ-ਸਮੇਂ ‘ਤੇ ਇਸ ਦੇ ਵੱਖ-ਵੱਖ ਸਟ੍ਰੇਨ ਸਿਹਤ ਮਾਹਿਰਾਂ ਤੇ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਇਸ ਦੌਰਾਨ ਹੁਣ ਕੋਰੋਨਾ ਦੇ ਇੱਕ ਹੋਰ ਨਵੇਂ ਸਟ੍ਰੇਨ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਹਾਲ ਹੀ ‘ਚ ਸੰਯੁਕਤ ਰਾਜ ਅਮੇਰਿਕਾ ‘ਚ COVID-19 ਦੇ ਵੇਰੀਐਂਟ ਦਾ ਇਕ ਸਮੂਹ ਚਿੰਤਾ ਦਾ ਕਾਰਨ ਬਣ ਗਿਆ ਹੈ। ਵਿਗਿਆਨੀਆਂ ਨੇ ਕੋਰੋਨਾ ਦੇ ਇਸ ਨਵੇਂ ਵੇਰੀਐਂਟ ਨੂੰ ‘FLiRT’ ਦਾ ਨਾਂ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਨਵਾਂ ਵੇਰੀਐਂਟ Omicron ਪਰਿਵਾਰ ਦਾ ਹੈ। ਤੁਹਾਨੂੰ ਦੱਸ ਦੇਈਏ ਕਿ ਓਮੀਕ੍ਰੋਨ ਕੋਰੋਨਾ ਵਾਇਰਸ ਦਾ ਉਹੀ ਸਟ੍ਰੇਨ ਹੈ ਜਿਸ ਨੇ ਦੁਨੀਆ ਭਰ ‘ਚ ਸਭ ਤੋਂ ਵੱਧ ਤਬਾਹੀ ਮਚਾਈ ਸੀ। ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਲਈ ਵੀ ਓਮੀਕ੍ਰੋਨ ਹੀ ਜ਼ਿੰਮੇਵਾਰ ਸੀ।
ਵੈਕਸੀਨ ਲਗਵਾਉਣ ‘ਤੇ ਵੀ ਖ਼ਤਰਾ
ਸਿਹਤ ਮਾਹਿਰਾਂ ਤੇ ਵਿਗਿਆਨੀਆਂ ਅਨੁਸਾਰ, ਕੋਰੋਨਾ ਦਾ ਇਹ ਵੇਰੀਐਂਟ ਇਸ ਸਮੇਂ ਅਮਰੀਕਾ ਦੇ ਕੁਝ ਹਿੱਸਿਆਂ ‘ਚ ਫੈਲ ਰਿਹਾ ਹੈ। ਇਸ ਨਵੇਂ ਸਟ੍ਰੇਨ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਇਹ ਡਰ ਹੈ ਕਿ ਇਹ ਵੇਰੀਐਂਟ ਦੁਨੀਆ ਦੇ ਹੋਰ ਹਿੱਸਿਆਂ ‘ਚ ਵੀ ਫੈਲ ਸਕਦਾ ਹੈ। ਇੰਨਾ ਹੀ ਨਹੀਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਬੂਸਟਰ ਡੋਜ਼ ਲੈਣ ‘ਤੇ ਵੀ ਇਹ ਸਟ੍ਰੇਨ ਤੁਹਾਨੂੰ ਲਪੇਟ ‘ਚ ਲੈ ਸਕਦਾ ਹੈ, ਜਿਸ ਕਾਰਨ ਲੋਕਾਂ ਦੀ ਚਿੰਤਾ ਵਧ ਗਈ ਹੈ।
ਕਿੱਥੇ ਪਾਇਆ ਗਿਆ ਨਵਾਂ ਵੇਰੀਐਂਟ ?
ਕੋਰੋਨਾ ਦਾ ਇਹ ਨਵਾਂ ਵੇਰੀਐਂਟ ਅਮਰੀਕੀ ਵਿਗਿਆਨੀਆਂ ਨੂੰ ਵੇਸਟ ਵਾਟਰ ਦੀ ਨਿਗਰਾਨੀ ਦੌਰਾਨ ਮਿਲਿਆ ਹੈ। ਅਮਰੀਕੀ ਵਿਗਿਆਨੀ ਜੇ. ਵੇਲੈਂਡ ਮੁਤਾਬਕ ਇਸ ਨਵੇਂ ਵੇਰੀਐਂਟ ਨੂੰ ਲੈ ਕੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਗੰਦੇ ਪਾਣੀ ਦੀ ਨਿਗਰਾਨੀ ਕਰ ਰਹੀ ਉਨ੍ਹਾਂ ਦੀ ਟੀਮ ਨੂੰ ਪਾਣੀ ਦੇ ਕੁਝ ਨਮੂਨਿਆਂ ‘ਚ ਕੋਰੋਨਾ ਦਾ ਨਵਾਂ ਰੂਪ ਮਿਲਿਆ, ਜਿਸ ਤੋਂ ਬਾਅਦ ਉਨ੍ਹਾਂ ਦੀ ਚਿੰਤਾ ਵਧ ਗਈ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਗਰਮੀ ਕਾਰਨ ਇਹ ਵੇਰੀਐਂਟ ਕੋਰੋਨਾ ਦੇ ਮਾਮਲਿਆਂ ਨੂੰ ਵਧਾ ਸਕਦਾ ਹੈ।
ਇਨ੍ਹਾਂ ਲੋਕਾਂ ਨੂੰ ਲਾਗ ਦਾ ਜ਼ਿਆਦਾ ਖ਼ਤਰਾ
ਇਹ ਵੇਰੀਐਂਟ ਇਸ ਲਈ ਵੀ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਕਿਉਂਕਿ ਅਮਰੀਕਾ ਤੋਂ ਇਲਾਵਾ ਦੁਨੀਆ ਦੇ ਹੋਰ ਹਿੱਸਿਆਂ ‘ਚ ਵੀ ਇਹ ਕਮਜ਼ੋਰ ਪ੍ਰਤੀਰੋਧਕ ਸਮਰੱਥਾ ਵਾਲੇ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਅਜਿਹੇ ‘ਚ ਖਦਸ਼ਾ ਹੈ ਕਿ ਇਹ ਵੇਰੀਐਂਟ ਕੋਰੋਨਾ ਦੀ ਨਵੀਂ ਲਹਿਰ ਪੈਦਾ ਕਰ ਸਕਦਾ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਕੋਰੋਨਾ ਦਾ ਇਹ ਵੇਰੀਐਂਟ ਇਸ ਦੇ ਦੂਜੇ ਵੇਰੀਐਂਟਸ ਦੇ ਮੁਕਾਬਲੇ ਕੁਝ ਵੱਖਰਾ ਹੈ। ਇਹ ਹੋਰ ਵੇਰੀਐਂਟਸ ਨਾਲੋਂ ਜ਼ਿਆਦਾ ਇਨਫੈਕਟਿਡ ਹੋ ਸਕਦਾ ਹੈ। ਖਾਸ ਤੌਰ ‘ਤੇ ਜੇਕਰ ਤੁਸੀਂ ਸ਼ੂਗਰ ਜਾਂ ਦਿਲ ਦੀ ਬਿਮਾਰੀ ਦੇ ਮਰੀਜ਼ ਹੋ, ਤਾਂ ਤੁਹਾਨੂੰ ਇਸ ਪ੍ਰਤੀ ਵਧੇਰੇ ਸਾਵਧਾਨ ਰਹਿਣ ਦੀ ਜ਼ਰੂਰਤ ਹੈ।