ਫਿਰੋਜ਼ਪਰ: ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਇਕ ਕੈਦੀ ਅਤੇ ਇਕ ਅਣਪਛਾਤੇ ਬੰਦੀ ਵੱਲੋਂ
ਇਕ ਹੋਰ ਕੈਦੀ ‘ ਤੇ ਮਾਰ ਦੇਣ ਦੀ ਨੀਯਤ ਨਾਲ ਹਮਲਾ ਕਰਕੇ ਜ਼ਖਮੀਂ ਕਰ ਦਿੱਤਾ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਇਕ ਕੈਦੀ ਅਤੇ ਇਕ ਅਣਪਛਾਤੇ ਵਿਅਕਤੀ ਖਿਲਾਫ 341, 307, 323, 507, 34 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਕੈਦੀ ਸੁਰਜੀਤ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਪਿੰਡ ਈਸਾ ਗਰਾਈਂ ਨੇ ਦੱਸਿਆ ਕਿ ਮਿਤੀ 30 ਮਾਰਚ 2023 ਦੀ ਸ਼ਾਮ ਨੂੰ ਉਸ ਦੀ ਬੈਰਕ ਦਾ ਇੰਟਰਕਾਮ ਫੋਨ ਖਰਾਬ ਹੋ ਗਿਆ ਸੀ। ਸ਼ਾਮ ਕਰੀਬ 4 ਵੱਜ ਕੇ 32 ਮਿੰਟ ‘ ਤੇ ਉਹ ਆਪਣੀ ਬੈਰਕ ਤੋਂ ਨਵੀਂ ਬੈਰਕ ਦੇ ਵਿਚ ਇੰਟਰਕਾਮ ਫੋਨ ਨੂੰ ਠੀਕ ਕਰਵਾਉਣ ਲਈ ਸੁਨੇਹਾ ਦੇ ਕੇ ਆ ਰਿਹਾ ਸੀ ਕਿ ਨਵੀਂ ਬੈਰਕ ਨੰਬਰ 4 ਦੇ ਕੋਲ ਦੋਸ਼ੀ ਕੈਦੀ ਰਿਤਿਕ ਕੁਮਾਰ ਪੁੱਤਰ ਜੱਜ ਉਰਫ ਜੱਜੀ ਵਾਸੀ ਪੁਰਾਣੀ ਸਬਜ਼ੀ ਮੰਡੀ ਬਾਹਰਵਰ ਬਗਦਾਦੀ ਗੇਟ ਸਿਟੀ ਫਿਰੋਜ਼ਪੁਰ ਤੇ ਇਕ ਹੋਰ ਅਣਪਛਾਤੇ ਬੰਦੀ ਨੇ ਉਸ ਨੂੰ ਘੇਰ ਲਿਆ । ਦੋਸ਼ੀ ਰਿਤਿਕ ਨੇ ਮਾਰ ਦੇਣ ਦੀ ਨੀਯਤ ਨਾਲ ਉਸ ਦੇ ਸਿਰ ਵਿਚ ਕਟਰ ਵਰਗੀ ਕੋਈ ਤਿੱਖੀ ਚੀਜ਼ ਮਾਰੀ, ਜਿਸ ਨਾਲ ਉਸਦੇ ਸਿਰ ਵਿਚੋਂ ਖੂਨ ਨਿਕਲਣ ਲੱਗ ਪਿਆ । ਇਸ ਦੌਰਾਨ ਉਕਤ ਅਣਪਛਾਤੇ ਬੰਦੀ ਨੇ ਵੀ ਕਟਰ ਵਰਗੀ ਤਿੱਖੀ ਚੀਜ਼ ਉਸ ਦੇ ਮਾਰੀ ਜੋ ਉਸ ਵੱਲੋਂ ਬਚਾਅ ਲਈ ਹੱਥ ਉੱਤੇ ਕੀਤਾ , ਪਰ ਉਪਰ ਹੱਥ ਦੇ ਅੰਗੂਠੇ ’ਤੇ ਲੱਗੀ। ਇਸ ਦੌਰਾਨ ਬੈਰਕ ਨੰਬਰ 4 ਵਿਚ ਰੌਲਾ ਪੈਣ ਕਾਰਨ ਮੌਕੇ ’ਤੇ। ਆਏ ਜੇਲ੍ਹ ਕਰਮਚਾਰੀਆਂ ਨੇ ਉਸ ਨੂੰ ਦੋਸ਼ੀਅਨ ਕੋਲੋਂ ਛੁਡਵਾਇਆ। ਕੈਦੀ ਸੁਰਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਇਲਾਜ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਗੁਰਮੇਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਉਕਤ ਕੈਦੀ ਅਤੇ ਹੋਰ ਅਣਪਛਾਤੇ ਬੰਦੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।