ਮੁੰਬਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮਹਾਰਾਸ਼ਟਰ ਦੇ ਜਲਗਾਓਂ ਪਹੁੰਚ ਗਏ ਹਨ, ਉੱਥੇ ਪਹੁੰਚ ਕੇ ਉਨ੍ਹਾਂ ਲਖਪਤੀ ਦੀਦੀ ਕਾਨਫਰੰਸ ਨੂੰ ਸੰਬੋਧਨ ਕੀਤਾ। ਇਸ ਦੌਰਾਨ ਪੀਐਮ ਮੋਦੀ ਨੇ ਕੋਲਕਾਤਾ ਕਤਲ ਕਾਂਡ ‘ਤੇ ਕਿਹਾ, ‘ਸਾਡੀ ਸਰਕਾਰ ਵੀ ਔਰਤਾਂ ‘ਤੇ ਅੱਤਿਆਚਾਰ ਕਰਨ ਵਾਲਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਲਈ ਕਾਨੂੰਨਾਂ ਨੂੰ ਲਗਾਤਾਰ ਸਖ਼ਤ ਕਰ ਰਹੀ ਹੈ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਔਰਤਾਂ ਵਿਰੁੱਧ ਅਪਰਾਧ ਮਾਫਯੋਗ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਜ ਦੇਸ਼ ਦੀਆਂ ਇੰਨੀ ਵੱਡੀ ਗਿਣਤੀ ‘ਚ ਭੈਣਾਂ ਅਤੇ ਧੀਆਂ ਇੱਥੇ ਮੌਜੂਦ ਹਨ। ਇਸ ਤੋਂ ਪਹਿਲਾਂ ਸ਼ਿਕਾਇਤਾਂ ਆਉਂਦੀਆਂ ਸਨ ਕਿ ਐਫਆਈਆਰ ਸਮੇਂ ਸਿਰ ਦਰਜ ਨਹੀਂ ਕੀਤੀ ਗਈ, ਸੁਣਵਾਈ ਨਹੀਂ ਕੀਤੀ ਗਈ ਤੇ ਕੇਸਾਂ ‘ਚ ਦੇਰ ਕੀਤੀ ਗਈ।
‘ਘਰੋਂ ਹੀ ਐਫਆਈਆਰ ਦਰਜ ਕਰਵਾ ਸਕਦੀਆਂ ਹਨ ਔਰਤਾਂ’
ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ, ‘ਅਸੀਂ ਭਾਰਤੀ ਦੰਡਾਵਲੀ ਦੇ ਇਕ ਪੂਰੇ ਅਧਿਆਏ ‘ਚ ਅਜਿਹੀਆਂ ਬਹੁਤ ਸਾਰੀਆਂ ਰੁਕਾਵਟਾਂ ਨੂੰ ਦੂਰ ਕੀਤਾ ਹੈ ਜੋ ਔਰਤਾਂ ਤੇ ਬੱਚਿਆਂ ਖਿਲਾਫ਼ ਅੱਤਿਆਚਾਰਾਂ ਨੂੰ ਲੈ ਕੇ ਬਣਾਏ ਗਏ ਹਨ। ਜੇਕਰ ਪੀੜਤ ਔਰਤਾਂ ਥਾਣੇ ਨਹੀਂ ਜਾਣਾ ਚਾਹੁੰਦੀਆਂ ਤਾਂ ਉਹ ਘਰ ਬੈਠੇ ਈ-ਐਫਆਈਆਰ ਦਰਜ ਕਰਵਾ ਸਕਦੀਆਂ ਹਨ। ਅਸੀਂ ਇਹ ਵੀ ਯਕੀਨੀ ਬਣਾਇਆ ਹੈ ਕਿ ਕੋਈ ਵੀ ਪੁਲਿਸ ਸਟੇਸ਼ਨ ਪੱਧਰ ‘ਤੇ ਈ-ਐਫਆਈਆਰ ਨਾਲ ਛੇੜਛਾੜ ਕਰਨ ਦੇ ਯੋਗ ਨਹੀਂ ਹੋਵੇਗਾ।
ਪ੍ਰਧਾਨ ਮੰਤਰੀ ਨੇ 11 ਲੱਖ ਲਖਪਤੀ ਦੀਦੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਜਲਗਾਓਂ ਸਮਾਗਮ ‘ਚ ਪੀਐਮ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਆਜ਼ਾਦੀ ਤੋਂ ਬਾਅਦ ਪਿਛਲੀਆਂ ਸਾਰੀਆਂ ਸਰਕਾਰਾਂ ਦੇ ਮੁਕਾਬਲੇ ਪਿਛਲੇ 10 ਸਾਲਾਂ ‘ਚ ਔਰਤਾਂ ਲਈ ਜ਼ਿਆਦਾ ਕੰਮ ਕੀਤਾ ਹੈ।
‘2014 ਤਕ 25,000 ਕਰੋੜ ਰੁਪਏ ਤੋਂ ਘੱਟ ਦਾ ਕਰਜ਼ ਦਿੱਤਾ ਗਿਆ’
ਪੀਐਮ ਮੋਦੀ ਨੇ ਇਹ ਵੀ ਕਿਹਾ, ‘2014 ਤਕ ਔਰਤਾਂ ਦੇ ਸੈਲਫ-ਹੈਲਪ ਗਰੁੱਪਾਂ ਨੂੰ 25,000 ਕਰੋੜ ਰੁਪਏ ਤੋਂ ਘੱਟ ਕਰਜ਼ ਦਿੱਤੇ ਗਏ ਸਨ, ਪਰ ਪਿਛਲੇ 10 ਸਾਲਾਂ ਵਿੱਚ 9 ਲੱਖ ਕਰੋੜ ਰੁਪਏ ਦਿੱਤੇ ਗਏ ਹਨ।’