ਐੱਸ ਏ ਐਸ ਨਗਰ : ਅੱਜ ਸਵੇਰੇ ਖਰੜ ਦੇ ਐਸ.ਡੀ.ਐਮ. ਦਫ਼ਤਰ ਵਿੱਚ ਉਸ ਵੇਲੇ ਭਾਜੜਾਂ ਪੈ ਗਈਆਂ ਜਦੋਂ ਦਫ਼ਤਰ ਦੀ ਸਰਕਾਰੀ ਈ-ਮੇਲ ਆਈ.ਡੀ. ’ਤੇ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਇੱਕ ਮੇਲ ਪ੍ਰਾਪਤ ਹੋਈ। ਇਸ ਈ-ਮੇਲ ਵਿੱਚ ਐਸ.ਡੀ.ਐਮ. ਦਫ਼ਤਰ ਦੇ ਨਾਲ-ਨਾਲ ਹੋਰ ਵੀ ਕਈ ਥਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਗਈ ਸੀ।
ਧਮਕੀ ਭਰੀ ਈ-ਮੇਲ ਮਿਲਦੇ ਹੀ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ। ਸੁਰੱਖਿਆ ਦੇ ਮੱਦੇਨਜ਼ਰ ਦਫ਼ਤਰ ਦੇ ਸਾਰੇ ਕਰਮਚਾਰੀਆਂ, ਅਧਿਕਾਰੀਆਂ ਅਤੇ ਉੱਥੇ ਮੌਜੂਦ ਆਮ ਲੋਕਾਂ ਨੂੰ ਤੁਰੰਤ ਇਮਾਰਤ ਤੋਂ ਬਾਹਰ ਕੱਢਿਆ ਗਿਆ।
ਸਰਚ ਆਪ੍ਰੇਸ਼ਨ: ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਪੂਰੇ ਕੰਪਲੈਕਸ ਨੂੰ ਘੇਰੇ ਵਿੱਚ ਲੈ ਲਿਆ। ਬੰਬ ਨਿਰੋਧਕ ਦਸਤੇ ਅਤੇ ਡੌਗ ਸਕੁਐਡ ਦੀ ਮਦਦ ਨਾਲ ਦਫ਼ਤਰ ਦੀਆਂ ਇਮਾਰਤਾਂ, ਕਮਰਿਆਂ ਅਤੇ ਪਾਰਕਿੰਗ ਖੇਤਰ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ।
ਕਈ ਘੰਟਿਆਂ ਦੀ ਸਖ਼ਤ ਜਾਂਚ ਤੋਂ ਬਾਅਦ ਕੋਈ ਵੀ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਰਾਹਤ ਦੀ ਸਾਹ ਲਿਆ ।
ਈ-ਮੇਲ ਭੇਜਣ ਵਾਲੇ ਦਾ ਪਤਾ ਲਗਾਉਣ ਲਈ ਸਾਈਬਰ ਸੈੱਲ ਸਰਗਰਮ ਹੋ ਗਿਆ ਹੈ। ਈ-ਮੇਲ ਆਈ.ਡੀ. ਅਤੇ ਸਰਵਰ ਦੀ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾ ਸਕੇ।
ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ‘ਤੇ ਧਿਆਨ ਨਾ ਦੇਣ। ਪੁਲਿਸ ਨੇ ਕਿਹਾ ਹੈ ਕਿ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਹੇਠ ਹੈ ਅਤੇ ਜਾਂਚ ਮੁਕੰਮਲ ਹੋਣ ਤੋਂ ਬਾਅਦ ਦਫ਼ਤਰ ਦਾ ਕੰਮਕਾਜ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ। ਫਿਲਹਾਲ ਸੁਰੱਖਿਆ ਏਜੰਸੀਆਂ ਪੂਰੀ ਮੁਸਤੇਦੀ ਰੱਖ ਰਹੀਆਂ ਹਨ।






