ਰਾਜਸਥਾਨ ਦੀ ਰਾਜਧਾਨੀ ਜੈਪੁਰ ‘ਚ ਵੀ.ਵੀ.ਆਈ.ਪੀਜ਼ ਦੀ ਸੁਰੱਖਿਆ ‘ਚ ਵੱਡੀ ਕੁਤਾਹੀ ਦੀਆਂ ਹੈਰਾਨ ਕਰਨ ਵਾਲੀਆਂ ਘਟਨਾਵਾਂ ਸਾਹਮਣੇ ਆਈਆਂ ਹਨ।
ਬੀਤੇ ਦਿਨ ਦੋ ਘਟਨਾਵਾਂ ਵਾਪਰੀਆਂ ਜਦੋਂ ਉਪ ਰਾਸ਼ਟਰਪਤੀ ਜਗਦੀਪ ਧਨਖੜ ਅਤੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਦੀ ਸੁਰੱਖਿਆ ਵਿੱਚ ਕੁਤਾਹੀ ਹੋ ਗਈ।
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਦੋਵੇਂ ਘਟਨਾਵਾਂ ਇੱਕੋਂ ਘੰਟੇ ਵਿੱਚ ਵਾਪਰੀਆਂ ਉਹ ਵੀ ਇੱਕੋ ਇਲਾਕੇ ਵਿੱਚ ਵਾਪਰੀਆਂ।
ਤਿੰਨ ਦਿਨ ਪਹਿਲਾਂ ਵੀ ਵਿਧਾਨ ਸਭਾ ਦੇ ਸਪੀਕਰ ਵਾਸੁਦੇਵ ਦੇਵਨਾਨੀ ਦੀ ਸੁਰੱਖਿਆ ਵਿੱਚ ਵੱਡੀ ਲਾਪਰਵਾਹੀ ਦੇਖਣ ਨੂੰ ਮਿਲੀ ਸੀ, ਜਦੋਂ ਇੱਕ ਕਾਰ ਉਨ੍ਹਾਂ ਦੇ ਕਾਫ਼ਲੇ ਵਿੱਚ ਵੜ ਗਈ। ਕਾਰ ‘ਚ ਸਵਾਰ ਚਾਰ ਨੌਜਵਾਨ ਚੱਲਦੀ ਗੱਡੀ ‘ਚੋਂ ਸਪੀਕਰ ਦੀ ਕਾਰ ਦੀ ਵੀਡੀਓ ਬਣਾਉਂਦੇ ਰਹੇ। ਸੁਰੱਖਿਆ ਵਿੱਚ ਵੱਡੀਆਂ ਲਾਪਰਵਾਹੀਆਂ ਦੀਆਂ ਘਟਨਾਵਾਂ ਦੀ ਉੱਚ ਪੱਧਰੀ ਕਮੇਟੀ ਵੱਲੋਂ ਜਾਂਚ ਕੀਤੀ ਜਾਵੇਗੀ।
ਮੁੱਖ ਮੰਤਰੀ ਭਜਨ ਲਾਲ ਸ਼ਰਮਾ ਜਗਤਪੁਰਾ ਤੋਂ ਲਘੂ ਉਦਯੋਗ ਭਾਰਤੀ ਦੇ ਸੋਹਣ ਸਿੰਘ ਸਮ੍ਰਿਤੀ ਸਕਿੱਲ ਸੈਂਟਰ ਜਾ ਰਹੇ ਸਨ। ਮੁੱਖ ਮੰਤਰੀ ਦਾ ਕਾਫ਼ਲਾ ਅਕਸ਼ੈ ਪਾਤਰ ਚੁਰਾਹੇ ਤੋਂ ਲੰਘਣ ਵਾਲਾ ਸੀ। ਜਦੋਂ ਇਹ ਕਾਫ਼ਲਾ ਦੁਪਹਿਰ 3.15 ‘ਤੇ ਅਕਸ਼ੈ ਪਾਤਰ ਚੁਰਾਹੇ ‘ਤੇ ਪਹੁੰਚਿਆ ਤਾਂ ਗ਼ਲਤ ਸਾਈਡ ਤੋਂ ਆ ਰਹੀ ਤੇਜ਼ ਰਫ਼ਤਾਰ ਟੈਕਸੀ ਕਾਰ ਕਾਫ਼ਲੇ ਵਿੱਚ ਵੜ ਗਈ।
ਟਰੈਫ਼ਿਕ ਏਐਸਆਈ ਨੇ ਟੈਕਸੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਏਐਸਆਈ ਨੂੰ ਟੱਕਰ ਮਾਰਨ ਤੋਂ ਬਾਅਦ ਟੈਕਸੀ ਸੀਐਮ ਦੇ ਐਸਕਾਰਟ ਵਿੱਚ ਜਾ ਰਹੀਆਂ ਦੋ ਕਾਰਾਂ ਨਾਲ ਟਕਰਾ ਗਈ। ਦੋਵਾਂ ਗੱਡੀਆਂ ਵਿੱਚ ਸਵਾਰ ਪੁਲਿਸ ਅਧਿਕਾਰੀ ਅਤੇ ਕਾਂਸਟੇਬਲ ਜ਼ਖ਼ਮੀ ਹੋ ਗਏ। ਇਸ ਹਾਦਸੇ ਵਿੱਚ ਏਐਸਆਈ ਸੁਰਿੰਦਰ ਸਿੰਘ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ।