ਚੰਡੀਗੜ੍ਹ : ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਤਲਾਂ ‘ਚੋਂ ਇਕ ਬੇਅੰਤ ਸਿੰਘ ਦਾ ਪੁੱਤਰ ਸਰਬਜੀਤ ਸਿੰਘ ਲੋਕ ਸਭਾ ਚੋਣ ਲੜੇਗਾ। ਉਸ ਨੇ ਵੀਰਵਾਰ ਨੂੰ ਇਹ ਐਲਾਨ ਕੀਤਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਪੰਜਾਬ ਦੀ ਫਰੀਦਕੋਟ ਸੀਟ ਤੋਂ ਲੜੇਗਾ।
ਸਰਬਜੀਤ ਸਿੰਘ ਨੇ ਦੱਸਿਆ ਕਿ ਫਰੀਦਕੋਟ ਦੇ ਕਈ ਲੋਕਾਂ ਨੇ ਉਨ੍ਹਾਂ ਨੂੰ ਚੋਣ ਲੜਨ ਲਈ ਕਿਹਾ ਹੈ। ਉਸ ਨੇ ਕਿਹਾ ਕਿ ਉਹ ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਚੋਣ ਲੜੇਗਾ।
ਬੇਅੰਤ ਨੇ ਕੀਤੀ ਸੀ ਇੰਦਰਾ ਦੀ ਹੱਤਿਆ
ਤੁਹਾਨੂੰ ਦੱਸ ਦੇਈਏ ਕਿ 31 ਅਕਤੂਬਰ 1984 ਨੂੰ ਬੇਅੰਤ ਸਿੰਘ ਤੇ ਸਤਵੰਤ ਸਿੰਘ ਨੇ ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ (Indira Gandhi Death) ‘ਤੇ ਗੋਲ਼ੀਆਂ ਵਰ੍ਹਾਈਆਂ ਸਨ। ਇਸ ਜੁਰਮ ਲਈ ਸਤਵੰਤ ਸਿੰਘ ਤੇ ਇੰਦਰਾ ਨੂੰ ਮਾਰਨ ਦੀ ਸਾਜ਼ਿਸ਼ ਘੜਨ ਵਾਲੇ ਕੇਹਰ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ, ਉੱਥੇ ਹੀ ਬੇਅੰਤ ਸਿੰਘ ਨੂੰ ਇੰਦਰਾ ਦੇ ਸੁਰੱਖਿਆ ਬਲਾਂ ਨੇ ਤੁਰੰਤ ਮਾਰ ਮੁਕਾਇਆ ਸੀ।
ਸਰਬਜੀਤ ਸਿੰਘ ਨੇ 2004 ਦੀ ਲੋਕ ਸਭਾ ਚੋਣ ਬਠਿੰਡਾ ਸੀਟ ਤੋਂ ਲੜੀ ਸੀ। ਇਸ ਚੋਣ ‘ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਚੋਣਾਂ ‘ਚ ਉਸ ਨੂੰ 1.13 ਲੱਖ ਵੋਟਾਂ ਮਿਲੀਆਂ ਸਨ। ਉਸਨੇ 2007 ‘ਚ ਬਰਨਾਲਾ ਦੀ ਭਦੌੜ ਸੀਟ ਤੋਂ ਪੰਜਾਬ ਵਿਧਾਨ ਸਭਾ ਦੀ ਚੋਣ ਵੀ ਲੜੀ ਸੀ ਪਰ ਅਸਫਲ ਰਿਹਾ।
ਮਾਂ ਰੋਪੜ ਸੀਟ ਤੋਂ ਰਹੀ ਹੈ ਐੱਮਪੀ
ਸਰਬਜੀਤ ਸਿੰਘ ਨੇ 2014 ਦੀਆਂ ਲੋਕ ਸਭਾ ਚੋਣਾਂ ‘ਚ ਫ਼ਤਹਿਗੜ੍ਹ ਸਾਹਿਬ ਸੀਟ ਤੋਂ ਮੁੜ ਕਿਸਮਤ ਅਜ਼ਮਾਈ ਪਰ ਹਾਰ ਗਿਆ। ਉਸ ਦੀ ਮਾਤਾ ਬਿਮਲ ਕੌਰ 1989 ‘ਚ ਰੋਪੜ ਸੀਟ (Ropar Lok Sabha Seat) ਤੋਂ ਸੰਸਦ ਮੈਂਬਰ ਚੁਣੀ ਗਈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 1 ਜੂਨ ਨੂੰ ਵੋਟਾਂ ਪੈਣਗੀਆਂ।
ਆਮ ਆਦਮੀ ਪਾਰਟੀ ਨੇ ਜਿੱਥੇ ਫਰੀਦਕੋਟ ਲੋਕ ਸਭਾ ਸੀਟ ਤੋਂ ਅਦਾਕਾਰ ਕਰਮਜੀਤ ਅਨਮੋਲ ਨੂੰ ਉਮੀਦਵਾਰ ਬਣਾਇਆ ਹੈ, ਉੱਥੇ ਹੀ ਭਾਜਪਾ ਨੇ ਗਾਇਕ ਹੰਸ ਰਾਜ ਹੰਸ ਨੂੰ ਮੈਦਾਨ ਵਿੱਚ ਉਤਾਰਿਆ ਹੈ। ਕਾਂਗਰਸ ਤੇ ਅਕਾਲੀ ਦਲ ਨੇ ਅਜੇ ਤਕ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ।