ਫ਼ਿਰੋਜ਼ਪੁਰ : ਬੁੱਧਵਾਰ ਨੂੰ ਫ਼ਿਰੋਜ਼ਪੁਰ ਛਾਉਣੀ ਦੀ ਰਹਿਣ ਵਾਲੀ ਇਕ ਵਿਆਹੁਤਾ ਔਰਤ ਨਾਲ ਬਲਾਤਕਾਰ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਨੂੰ ਔਰਤ ਦੇ ਦੋ ਰਿਸ਼ਤੇਦਾਰਾਂ ਨੇ ਅੰਜਾਮ ਦਿਤਾ ਹੈ। ਔਰਤ ਦੀ ਹਾਲਤ ਵਿਗੜਨ ਕਾਰਨ ਉਸ ਨੂੰ ਇਲਾਜ ਲਈ ਫ਼ਿਰੋਜ਼ਪੁਰ ਦੇ ਜ਼ਿਲ੍ਹਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਫ਼ਿਰੋਜ਼ਪੁਰ ਕੈਂਟ ਪੁਲਿਸ ਨੂੰ ਦਿਤੇ ਆਪਣੇ ਬਿਆਨ ‘ਚ ਪੀੜਤਾ ਨੇ ਦੱਸਿਆ ਹੈ ਕਿ ਉਸ ਦੀ ਜਿਠਾਣੀ ਗੁਲਸ਼ਨ ਪਤਨੀ ਅਸਲਮ, ਉਸ ਦੀ ਮਾਂ ਸ਼ੀਲਾ ਉਸ ਦੇ ਘਰ ਆਈ ਅਤੇ ਉਸ ਦੇ ਨਾਲ ਉਸ ਦਾ ਭਰਾ ਰਾਜੇਸ਼ਵਰ ਅਤੇ ਜੀਜਾ ਸਲੀਮ ਵੀ ਸੀ। ਮੁਲਜ਼ਮਾਂ ਨੇ ਕੋਲਡ ਡਰਿੰਕ ਵਿਚ ਕੋਈ ਚੀਜ਼ ਮਿਲਾ ਦਿੱਤੀ ਅਤੇ ਉਸ ਨੂੰ ਪੀਣ ਲਈ ਲਈ ਕਿਹਾ। ਉਸ ਨੇ ਉਹ ਪੀ ਲਿਆ ਤੇ ਉਹ ਬੇਹੋਸ਼ ਹੋ ਗਈ। ਇਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਨਾਲ ਜਬਰ-ਜ਼ਨਾਹ ਕੀਤਾ, ਜਿਸ ਕਾਰਨ ਉਸ ਦੀ ਹਾਲਤ ਵਿਗੜ ਗਈ ਅਤੇ ਉਸ ਨੂੰ ਇਲਾਜ ਲਈ ਫ਼ਿਰੋਜ਼ਪੁਰ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਫ਼ਿਰੋਜ਼ਪੁਰ ਕੈਂਟ ਥਾਣੇ ਦੇ ਏਐਸਆਈ ਰਮਨ ਕੁਮਾਰ ਨੇ ਦੱਸਿਆ ਕਿ ਪੀੜਤਾ ਦੇ ਬਿਆਨਾਂ ਦੇ ਆਧਾਰ ‘ਤੇ ਮੁਲਜ਼ਮ ਗੁਲਸ਼ਨ, ਸ਼ੀਲਾ, ਰਾਜੇਸ਼ਵਰ ਅਤੇ ਸਲੀਮ ਦੇ ਖ਼ਿਲਾਫ਼ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਦੇ ਨਾਲ-ਨਾਲ ਜਬਰ ਜਨਾਹ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।