ਅਬੋਹਰ (ਫਾਜ਼ਿਲਕਾ) : ਨਜ਼ਦੀਕੀ ਪਿੰਡ ਬਹਾਵਲਵਾਸੀ ਵਿਖੇ ਇਕ ਔਰਤ ਨੇ ਨਜਾਇਜ਼ ਸਬੰਧਾਂ ਕਾਰਨ ਆਪਣੇ ਪੁੱਤਰ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ। ਇੰਨਾ ਹੀ ਨਹੀਂ ਕਤਲ ਤੋਂ ਬਾਅਦ ਘਰ ‘ਚ ਟੋਆ ਪੁੱਟ ਕੇ ਲਾਸ਼ ਨੂੰ ਦੱਬ ਦਿੱਤਾ ਗਿਆ ਤੇ ਉਸ ਜਗ੍ਹਾ ‘ਤੇ ਫਰਸ਼ ਵੀ ਵਿਛਾ ਦਿੱਤਾ ਗਿਆ ਤੇ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਪੁਲਿਸ ਕੋਲ ਦਰਜ ਕਰਵਾਈ ਗਈ। ਜਦੋਂ ਹੌਲੀ-ਹੌਲੀ ਮ੍ਰਿਤਕ ਦੇ ਲਾਪਤਾ ਹੋਣ ਦਾ ਮਾਮਲਾ ਪਿੰਡ ਤੋਂ ਪੁਲਿਸ ਕੋਲ ਪੁੱਜਾ ਤਾਂ ਘਟਨਾ ਦਾ ਪਰਦਾਫਾਸ਼ ਹੋਇਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਦੋਵੇਂ ਮਾਂ-ਪੁੱਤ ਨੂੰ ਹਿਰਾਸਤ ‘ਚ ਲੈ ਲਿਆ ਤੇ ਲਾਸ਼ ਨੂੰ ਬਾਹਰ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ।
ਮੱਖਣ ਸਿੰਘ ਪੁੱਤਰ ਹਰਨੇਕ ਸਿੰਘ (50) ਵਾਸੀ ਪਿੰਡ ਬਾਹੋਵਾਲ ਨੂੰ ਆਪਣੀ ਪਤਨੀ ਦੇ ਕਿਸੇ ਹੋਰ ਨਾਲ ਨਾਜਾਇਜ਼ ਸਬੰਧ ਹੋਣ ਦਾ ਸ਼ੱਕ ਸੀ। ਇਸ ਗੱਲ ਨੂੰ ਲੈ ਕੇ ਉਸ ਦਾ ਆਪਣੀ ਪਤਨੀ ਚਰਨਜੀਤ ਕੌਰ ਨਾਲ ਅਕਸਰ ਝਗੜਾ ਰਹਿੰਦਾ ਸੀ। ਇਸ ਕਾਰਨ ਜਦੋਂ ਦੋਵਾਂ ਵਿਚਾਲੇ ਲੜਾਈ ਹੋ ਗਈ ਤਾਂ ਮੱਖਣ ਸਿੰਘ ਦੀ ਪਤਨੀ ਚਰਨਜੀਤ ਕੌਰ ਨੇ ਆਪਣੇ ਲੜਕੇ ਜਸ਼ਨ ਉਰਫ਼ ਪ੍ਰਦੀਪ ਨਾਲ ਮਿਲ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਘਰ ਵਿੱਚ ਟੋਆ ਪੁੱਟ ਕੇ ਦੱਬ ਦਿੱਤਾ। ਇਸ ਤੋਂ ਬਾਅਦ 18 ਅਕਤੂਬਰ ਨੂੰ ਚਰਨਜੀਤ ਕੌਰ ਨੇ ਪੁਲਿਸ ਕੋਲ ਆਪਣੇ ਪਤੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ।
ਇਧਰ ਮੱਖਣ ਸਿੰਘ ਦੇ ਲਾਪਤਾ ਹੋਣ ਤੋਂ ਬਾਅਦ ਪਿੰਡ ਵਿੱਚ ਸ਼ੁਰੂ ਹੋਈ ਚਰਚਾ ਹੌਲੀ-ਹੌਲੀ ਪੁਲਿਸ ਤਕ ਪਹੁੰਚ ਗਈ। ਜਦੋਂ ਪੁਲਿਸ ਅਧਿਕਾਰੀਆਂ ਨੇ ਮੱਖਣ ਦੀ ਪਤਨੀ ਅਤੇ ਪੁੱਤਰ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਉਸ ਦਾ ਕਤਲ ਕਰਨ ਦੀ ਗੱਲ ਕਬੂਲੀ। ਉਨ੍ਹਾਂ ਦੀ ਨਿਸ਼ਾਨਦੇਹੀ ‘ਤੇ ਪੁਲਿਸ ਨੇ ਸ਼ੁੱਕਰਵਾਰ ਨੂੰ ਘਰ ‘ਚ ਦੱਬੀ ਲਾਸ਼ ਨੂੰ ਬਾਹਰ ਕੱਢ ਲਿਆ। ਪੁਲਿਸ ਨੇ ਚਰਨਜੀਤ ਕੌਰ ਤੇ ਉਸ ਦੇ ਪੁੱਤਰ ਪ੍ਰਦੀਪ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ।
ਮ੍ਰਿਤਕ ਦੇ ਭਰਾ ਸੁਰਜੀਤ ਸਿੰਘ ਦਾ ਦੋਸ਼ ਹੈ ਕਿ ਉਸ ਦੇ ਭਰਾ ਦਾ ਕਤਲ ਉਸੇ ਦੀ ਪਤਨੀ ਚਰਨਜੀਤ ਕੌਰ ਤੇ ਉਸ ਦੇ ਲੜਕੇ ਨੇ ਕੀਤਾ ਹੈ ਕਿਉਂਕਿ ਚਰਨਜੀਤ ਕੌਰ ਦੇ ਪਿੰਡ ਦੇ ਹੀ ਇਕ ਵਿਅਕਤੀ ਨਾਲ ਨਾਜਾਇਜ਼ ਸਬੰਧ ਸਨ, ਜਿਸ ਦਾ ਉਸ ਦੇ ਭਰਾ ਨੂੰ ਪਤਾ ਸੀ, ਜਿਸ ਕਾਰਨ ਦੋਵਾਂ ਵਿਚਾਲੇ ਲੜਾਈ-ਝਗੜਾ ਹੋ ਰਹਿੰਦਾ ਸੀ।.ਸੁਖਪਾਲ ਕੌਰ ਨੇ ਆਪਣੇ ਬੇਟੇ ਨਾਲ ਮਿਲ ਕੇ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰ ਕੇ ਘਰ ‘ਚ ਹੀ ਦੱਬ ਦਿੱਤਾ।






