ਅਜਨਾਲਾ : ਅਜਨਾਲਾ ’ਚ ਬੀਤੀ ਰਾਤ ਤੋਂ ਲਗਾਤਾਰ ਹੋ ਰਹੀ ਮੀਂਹ ਨੇ ਅਜਨਾਲਾ ਦੇ ਪਿੰਡ ਸਰਾਂ ਵਿੱਚ ਇੱਕ ਗਰੀਬ ਪਰਿਵਾਰ ਨੂੰ ਵੱਡੇ ਹਾਦਸੇ ਦਾ ਸ਼ਿਕਾਰ ਕਰ ਦਿੱਤਾ। ਅੱਜ ਸਵੇਰੇ ਕਰੀਬ ਪੰਜ ਵਜੇ, ਪਰਿਵਾਰ ਦੇ ਘਰ ਦੀ ਕਮਜ਼ੋਰ ਛੱਤ ਅਚਾਨਕ ਢਹਿ ਗਈ। ਇਸ ਹਾਦਸੇ ਵਿੱਚ ਘਰ ਦੇ ਤਿੰਨ ਮੈਂਬਰ ਜ਼ਖਮੀ ਹੋ ਗਏ ਜਦੋਂ ਕਿ ਕਿਸੇ ਦੀ ਜਾਨ ਨਹੀਂ ਗਈ।
ਹਾਦਸੇ ਦੀ ਜਾਣਕਾਰੀ ਮੁਤਾਬਕ ਪਰਿਵਾਰ ਦੇ ਮੈਂਬਰ ਉਸ ਸਮੇਂ ਘਰ ਵਿੱਚ ਕਾਰਪਟ ’ਤੇ ਸੌਂ ਰਹੇ ਸਨ ਕਿ ਅਚਾਨਕ ਛੱਤ ਉਨ੍ਹਾਂ ਉੱਪਰ ਆ ਡਿੱਗੀ। ਇਸ ਨਾਲ ਪਤੀ, ਪਤਨੀ ਅਤੇ ਇੱਕ ਬੱਚਾ ਮਲਬੇ ਹੇਠਾਂ ਦਬ ਗਏ। ਪਿੰਡ ਵਾਸੀਆਂ ਨੇ ਫ਼ੌਰੀ ਕਾਰਵਾਈ ਕਰਦਿਆਂ ਮਲਬਾ ਹਟਾ ਕੇ ਉਨ੍ਹਾਂ ਨੂੰ ਬਾਹਰ ਕੱਢਿਆ ਤੇ ਤੁਰੰਤ ਨਿੱਜੀ ਹਸਪਤਾਲ ਵਿੱਚ ਪਹੁੰਚਾਇਆ। ਇਲਾਜ ਤੋਂ ਬਾਅਦ ਤਿੰਨੇ ਹੀ ਘਰ ਵਾਪਸ ਆ ਗਏ ਹਨ ਅਤੇ ਹੁਣ ਖ਼ਤਰੇ ਤੋਂ ਬਾਹਰ ਹਨ।ਪਰਿਵਾਰ ਦਾ ਕਹਿਣਾ ਹੈ ਕਿ ਛੱਤ ਕਾਫ਼ੀ ਸਮੇਂ ਤੋਂ ਕਮਜ਼ੋਰ ਸੀ ਅਤੇ ਗਰੀਬੀ ਕਾਰਨ ਉਹ ਇਸ ਦੀ ਮੁਰੰਮਤ ਨਹੀਂ ਕਰਵਾ ਸਕੇ। ਉਨ੍ਹਾਂ ਵੱਲੋਂ ਛੱਤ ’ਤੇ ਸਿਰਫ਼ ਅਸਥਾਈ ਤੌਰ ’ਤੇ ਤਰਪਾਲ ਲਗਾਈ ਗਈ ਸੀ, ਪਰ ਲਗਾਤਾਰ ਮੀਂਹ ਕਾਰਨ ਛੱਤ ਪੂਰੀ ਤਰ੍ਹਾਂ ਢਹਿ ਗਈ। ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਡਰ ਦਾ ਮਾਹੌਲ ਬਣ ਗਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਲੋਕ ਮਦਦ ਲਈ ਨਾ ਪਹੁੰਚਦੇ ਤਾਂ ਹਾਦਸਾ ਗੰਭੀਰ ਰੂਪ ਧਾਰ ਲੈ ਸਕਦਾ ਸੀ। ਉਹਨਾਂ ਸਰਕਾਰ ਤੋਂ ਅਜਿਹੇ ਗਰੀਬ ਪਰਿਵਾਰਾਂ ਲਈ ਰਿਹਾਇਸ਼ੀ ਸਹਾਇਤਾ ਸਕੀਮਾਂ ਦੇ ਤਹਿਤ ਮਦਦ ਦੀ ਮੰਗ ਵੀ ਕੀਤੀ ਹੈ।